ਬਾਗ਼ ’ਚੋਂ ਫੁੱਲ ਨੂੰ ਤੋੜਨਾ

ਬਾਗ਼ ’ਚੋਂ ਫੁੱਲ ਨੂੰ ਤੋੜਨਾ ਹੈ ਮਨ੍ਹਾ ਪਰ ਚਲੋ ਤੋੜ ਕੇ ਵੇਖਦੇ ਹਾਂ ਭਲਾ

ਹੋ ਕੇ ਹੁਣ ਮਾਲੀਆਂ ਨੂੰ ਮੁਖ਼ਾਤਿਬ ਚਲੋ ਇਨਕਲਾਬੀ ਗ਼ਜ਼ਲ ਛੇੜਦੇ ਹਾਂ ਭਲਾ

ਹੁਣ ਮੁਹੱਬਤ ਦੀ ਸਾਨੂੰ ਜ਼ਰੂਰਤ ਬੜੀ, ਮੁਖ਼ਬਰਾਂ ਦੀ ਸ਼ਰਾਰਤ ਵੀ ਥਾਂ ਥਾਂ ਖੜੀ

ਢੰਗ ਕੋਈ ਨਾ ਕੋਈ ਬਗ਼ਾਵਤ ਲਈ, ਬੈਠ ਕੇ ਦੋਸਤਾ ਸੋਚਦੇ ਹਾਂ ਭਲਾ

ਖ਼ਾਬ ਆਇਆ ਕਿ ਉਹ ਬੇਵਫ਼ਾ ਹੋ ਗਿਆ, ਛੱਡ ਕੇ ਯਾਰ ਨੂੰ ਗ਼ੈਰ ਦਾ ਹੋ ਗਿਆ

ਇਸ ਤਰ੍ਹਾਂ ਦਾ ਬੁਰਾ ਖ਼ਾਬ ਆਇਆ ਕਿਵੇਂ, ਕੀ ਵਜ੍ਹਾ ਹੈ ਹੁਣੇ ਖੋਜਦੇ ਹਾਂ ਭਲਾ

ਇਸ਼ਕ ਦੀ ਗਰਮਜ਼ੋਸ਼ੀ ਗਈ ਬੀਤ ਹੈ, ਹੁਣ ਵਫ਼ਾ ਮੀਤ ਦੀ ਹੋ ਗਈ ਸੀਤ ਹੈ

ਸਰਦ ਹਉਕੇ ਹਿਜਰ ਦੇ ਬਚੇ ਕੋਲ ਜੋ, ਬਾਲ ਕੇ ਹੁਣ ਉਹੀ ਸੇਕਦੇ ਹਾਂ ਭਲਾ

ਰਿਸ਼ਤਿਆਂ ’ਚੋਂ ਸਦਾ ਬੇਵਿਸਾਹੀ ਮਿਲੀ, ਉਮਰ ਸਾਰੀ ਅਸਾਨੂੰ ਤਬਾਹੀ ਮਿਲੀ

ਜ਼ਿੰਦਗੀ ਨਾਮ ਦੀ ਚੀਜ਼ ਹੁੰਦੀ ਹੈ ਕੀ, ਸ਼ਬਦਕੋਸ਼ਾਂ ’ਚ ਹੀ ਭਾਲਦੇ ਹਾਂ ਭਲਾ

📝 ਸੋਧ ਲਈ ਭੇਜੋ