ਬਾਗਾਂ ਦੇ ਵਿਚ ਫਿਰਨ ਸ਼ਿਕਾਰੀ

ਬਾਗਾਂ ਦੇ ਵਿਚ ਫਿਰਨ ਸ਼ਿਕਾਰੀ, ਸਾਨੂੰ ਕੀ

ਰੁੱਖਾਂ ਨੂੰ ਪਈ ਵੱਢੇ ਆਰੀ, ਸਾਨੂੰ ਕੀ

ਜਿਹੜਾ ਤੱਕੜੀ ਫੜ ਕੇ ਵੰਡਣ ਬੈਠਾ ਸੀ,

ਬਾਂਦਰ ਵਾਂਗੂੰ ਖਾ ਗਿਆ ਸਾਰੀ, ਸਾਨੂੰ ਕੀ

ਏਥੇ ਰੋਜ਼ ਤਮਾਸ਼ੇ ਹੁੰਦੇ ਰਹਿੰਦੇ ਨੇ,

ਭਾਵੇਂ ਆਵੇ ਕੋਈ ਮਦਾਰੀ, ਸਾਨੂੰ ਕੀ

ਜਿਹੜੇ ਪੰਛੀ ਚਿਰ ਤੋਂ ਦੁੱਖੜੇ ਸਹਿੰਦੇ ਨੇ,

ਉੱਡ ਜਾਵਣ ਜੇ ਮਾਰ ਉਡਾਰੀ, ਸਾਨੂੰ ਕੀ

'ਸਾਨੂੰ ਕੀ' ਦਾ ਨਾਅਰਾ ਕੌਮੀ ਨਾਅਰਾ ਏ,

ਸਭਨਾਂ ਤੇ ਹੈ ਗਫ਼ਲਤ ਤਾਰੀ, ਸਾਨੂੰ ਕੀ

ਖੇਡ ਇਸ਼ਕ ਦੀ ਵਿੱਚੋਂ ਮੁੱਕ ਸਵਾਦ ਗਿਆ,

ਕਹਿੰਦੇ ਨੇ ਪਏ ਆਪ ਖਿਡਾਰੀ, ਸਾਨੂੰ ਕੀ

'ਆਸ਼ਿਕ' ਬਹੁਤੀ ਫ਼ਿਕਰਾਂ ਵਿਚ ਨਾ ਜਾਨ ਫਸਾ,

ਦੇਖਾਂਗੇ ਜਦ ਆਈ ਵਾਰੀ, ਸਾਨੂੰ ਕੀ

📝 ਸੋਧ ਲਈ ਭੇਜੋ