ਬਾਂਹਵਾਂ ਦੇ ਵਿਚ ਪਾ ਕੇ ਬਾਂਹਵਾਂ

ਬਾਂਹਵਾਂ ਦੇ ਵਿਚ ਪਾ ਕੇ ਬਾਂਹਵਾਂ ਹਾਸੇ ਗੱਲਾਂ ਕਰਦੇ 

ਕਿੱਧਰ ਗਏ ਉਹ ਨਾਲ਼ ਹਵਾਵਾਂ ਹਾਸੇ ਗੱਲਾਂ ਕਰਦੇ

ਸ਼ਹਿਰ ਤੇਰੇ ਨੂੰ ਭੁੱਲ ਜਾਣਾ ਸ਼ਹਿਰ ਤੇਰੇ ਦਾ ਹਾਸਾ 

ਵੇਖ ਲਵੇ ਜੇ ਕੋਲ਼ ਕਪਾਵ੍ਹਾਂ ਹਾਸੇ ਗੱਲਾਂ ਕਰਦੇ

ਬਦਨੀਅਤਾਂ ਨੂੰ ਕੀ ਮਿਲਿਆ ਏਨੇ ਰੋਣੇ ਦੇ ਕੇ 

ਜਿੱਥੇ ਵੇਖੇ ਪੰਜ ਦਰਿਆਵਾਂ ਹਾਸੇ ਗੱਲਾਂ ਕਰਦੇ

ਮੋਢਾ ਲਾ ਕੇ ਜੇਕਰ ਮੇਰੇ ਨਾਲ਼ ਟੁਰੇਂ ਤੂੰ ਮਿੱਤਰਾ 

ਮੈਂ ਪੰਜਾਬ 'ਚ ਮੋੜ ਲਿਆਵਾਂ ਹਾਸੇ ਗੱਲਾਂ ਕਰਦੇ

ਕਣਕਾਂ ਵੱਢਦੇ ਮੂੰਜੀ ਕੁੱਟਦੇ ਅੱਖ ਵਿਚ ਸੁਫ਼ਨੇ ਲੈ ਕੇ 

ਨਈਂ ਵੇਖੇ ਤੇ ਵਿਖਾਵਾਂ ਹਾਸੇ ਗੱਲਾਂ ਕਰਦੇ

ਚੜ੍ਹਦਿਓਂ ਲਹਿੰਦੇ ਵੱਲ ਜੇ ਆਵੇਂ ਲੈ ਕੇ ਖਿੜਿਆ ਮੱਥਾ 

ਲਹਿੰਦਿਓਂ ਮੈਂ ਵੀ ਲੈ ਕੇ ਆਵਾਂ ਹਾਸੇ ਗੱਲਾਂ ਕਰਦੇ

ਇੱਕ ਇੱਕ ਅੱਖ ਦੇ ਪੂੰਝ ਕੇ ਅੱਥਰੂ ਵੱਸ ਚੱਲੇ ਜੇ ਮੇਰਾ 

ਸਾਰੇ ਜਗ ਦੇ ਵਿਚ ਵਰਤਾਵਾਂ ਹਾਸੇ ਗੱਲਾਂ ਕਰਦੇ

ਸਾਹਵੇਂ ਬੈਠਾ ਹੱਸਦਾ ਰਹੇਂ ਤੇ ਸ਼ਿਅਰਾਂ ਦੀ ਥਾਂ ‘ਸੰਧੂ’ 

ਜੀ ਕਰਦਾ ਲਿਖਦਾ ਜਾਵਾਂ ਹਾਸੇ ਗੱਲਾਂ ਕਰਦੇ

📝 ਸੋਧ ਲਈ ਭੇਜੋ