ਬਾਲ ਨਿਆਣੇ ਭੁੱਖੇ ਸੋਵਣ, ਮੈਨੂੰ ਕੀ ।
ਆਪਣੇ ਦੁੱਖੜੇ ਆਪੇ ਢੋਵਣ, ਮੈਨੂੰ ਕੀ ।
ਮੇਰੇ ਤਾਂ ਕੁੱਤੇ ਵੀ ਬਿਸਕੁਟ ਖਾਂਦੇ ਨੇ
ਤੇਰੇ ਬੱਚੇ ਦੁੱਧੋਂ ਰੋਵਣ, ਮੈਨੂੰ ਕੀ ।
ਮੇਰੀ ਕਾਰ ਮਾਰੂਤੀ ਸ਼ੂੰ ਕਰਕੇ ਭੱਜਦੀ
ਤੇਰੇ ਪੈਰੀਂ ਛਾਲੇ ਹੋਵਣ, ਮੈਨੂੰ ਕੀ ।
ਮੇਰਾ ਘਰ ਬਾਹਰ ਤਾਂ ਸੁਹਣਾ ਸੁਥਰਾ ਹੈ
ਤੇਰੇ ਲੋਕੀਂ ਕਚਰਾ ਢੋਵਣ, ਮੈਨੂੰ ਕੀ ।
ਦੁੱਧ ਦਹੀਂ ਘਿਉ ਦੇਸੀ ਰੱਜ ਰੱਜ ਖਾਨਾਂ ਮੈਂ
ਕਿਰਤੀ ਲੋਕੀਂ ਡੰਗਰ ਚੋਵਣ, ਮੈਨੂੰ ਕੀ ।
ਆਟਾ ਦਾਲਾਂ ਵਸਤਾਂ ਆਪ ਉਗਾਉਂਦੇ ਜੋ
ਰਾਤੀਂ ਭੁੱਖੇ ਭਾਣੇ ਸੋਵਣ, ਮੈਨੂੰ ਕੀ ।
ਕਈਆਂ ਮੂੰਹ ਵਿੱਚ ਚਾਂਦੀ ਚਮਚੇ ਬਚਪਨ ਤੋਂ
ਬੈਲ ਤਰ੍ਹਾਂ ਕਈ ਆਪਾ ਜੋਵਣ, ਮੈਨੂੰ ਕੀ ।
ਮਾੜੇ ਕੰਮੀ ਜਤਕਤ ਮੰਦਾ ਜਾਣਦਿਆਂ
ਲੋਕੀਂ ਥਾਂ ਥਾਂ ਕੰਡੇ ਬੋਵਣ, ਮੈਨੂੰ ਕੀ ।
ਪਾਪ ਦਾ ਪੱਲੂ ਮੈਲ ਪਲੀਤਾ ਨਈਂ ਧੁੱਲਣਾ
ਜਿੱਥੇ ਮਰਜੀ ਜਾ ਕੇ ਧੋਵਣ, ਮੈਨੂੰ ਕੀ ।
ਆਖਦਿਆਂ, 'ਮੈਨੂੰ ਕੀ',ਫਾਹੀ ਆਣ ਪਈ
'ਉੱਪਲ' ਢਾਈਆਂ ਮਾਰ ਕੇ ਰੋਵਣ, ਮੈਨੂੰ ਕੀ ।