ਬਲ਼ਦੇ ਪਰ ਲੈ ਕੇ ਕਦੋਂ ਤੀਕਰ ਉਡੇਂਗਾ?
ਦਾਵਾਨਲ ਤਾਈ ਬੁਝਾਉਂਦਾ ਖ਼ੁਦ ਬੁਝੇਂਗਾ।
ਆਪਣਾ ਹੀ ਖੂਨ ਪਾਣੀ ਹੋ ਗਿਆ ਹੈ,
ਦੱਸ ਹੁਣ ਸ਼ਿਕਵਾ ਵੀ ਤੂੰ ਕਿਸ ਤੇ ਕਰੇਂਗਾ?
ਹੋ ਗਿਆ ਦੁਸ਼ਮਣ ਜਦੋਂ ਸਾਇਆ ਵੀ ਤੇਰਾ,
ਹੁਣ ਬਦਨ ਆਪਣੇ ਤੋਂ ਵੀ ਇਕ ਦਿਨ ਡਰੇਂਗਾ।
ਇਹ ਸਫ਼ਰ, ਇਹ ਝੀਲ ਤੇ ਦਿਲਕਸ਼ ਨਜ਼ਾਰੇ,
ਕੀ ਕਦੇ ਏਥੇ ਤੂੰ ਫਿਰ ਆਇਆ ਕਰੇਂਗਾ?
ਇਸ ਤਰ੍ਹਾਂ ਤਾਂ ਬਿਰਖ਼ ਹੋ ਜਾਏਂਗਾ ਇਕ ਦਿਨ,
ਸੜਕ ਦੇ ਕੰਢੇ ਕਦੋਂ ਤੀਕਰ ਖੜ੍ਹੇਂਗਾ।
ਇਹ ਕਿਹਾ ਰਿਸ਼ਤਾ ਸਮੁੰਦਰ ਤੇ ਨਦੀ ਦਾ,
ਮੈਂ ਘਟਾ ਕਾਲੀ ਹਾਂ ਤੂੰ ਝਰਨਾ ਬਣੇਂਗਾ।
ਮੌਤ ਤਾਂ ‘ਅਜਮੇਰ ਹੈ ਪ੍ਰਵਾਹ ਪੁਰਾਣਾ,
ਆਸ ਹੈ ਤੂੰ ਜ਼ਿੰਦਗੀ ਨੂੰ ਹੀ ਚੁਣੇਂਗਾ।