ਵਿਹਲ ਨਹੀਂ ਹੈ ਵਿਹਲ ਨਹੀਂ ਹੈ ਕਹਿ ਕਹਿ ਵਕਤ ਲੰਘਾਇਆ।
ਰੱਬ ਕੀ ਕਹਿੰਦਾ ਬਹਿਕੇ ਸੁਣਲਾਂ,ਖ਼ਿਆਲ ਕਦੇ ਨਹੀ ਆਇਆ।
ਰੱਬ ਨੇ ਜਦ ਹੁਣ ਫੜਿਆ ਕੰਨੋਂ ਬੈਠ ਗਿਆ ਫਿਰ ਬੰਦਾ।
ਰੱਬ ਵੀ ਸਬਕ ਸਿਖਾ ਕੇ ਛੱਡੂ ਬੰਦਾ ਬਣ ਜਾਊ ਬੰਦਾ।
ਸਾਜ ਸ੍ਰਿਸ਼ਟੀ ਕੁਦਰਤ ਸਾਰੀ ਇਹ ਸੰਸਾਰ ਬਣਾਇਆ।
ਪੌਣ ਪਾਣੀ ਬੈਸੰਤਰ ਵਾਲਾ ਸਾਰਾ ਖੇਡ ਰਚਾਇਆ।
ਖਾਣ ਪੀਣ ਲਈ ਫੁੱਲ ਫ਼ਲ ਸਬਜ਼ੀ,ਕਿੰਨੇ ਅੰਨ ਉਗਾਏ।
ਕਿਧਰੇ ਸਾਗਰ ਮਾਰੂਥਲ ਤੇ ਕਿਤੇ ਪਹਾੜ ਬਣਾਏ।
ਪਸ਼ੂ ਪੰਛੀਆਂ ਜੀਵ ਜੰਤੂਆਂ ਸਭ ਲਈ ਰੈਣ ਬਸੇਰਾ।
ਬੰਦੇ ਨੂੰ ਸਰਦਾਰੀ ਬਖਸ਼ੀ ਕੀਤਾ ਮਾਣ ਬਥੇਰਾ।
ਸੋਚਣ ਦਾ ਕੁਝ ਨਵਾਂ ਕਰਨ ਦਾ ਬੰਦੇ ਨੂੰ ਵਰ ਦਿੱਤਾ।
ਜੀਵਨ ਸੌਖਾ ਹੋਜੂ ਉਸ ਨੂੰ ਗਿਆਨ ਨਾਲ ਭਰ ਦਿੱਤਾ।
ਜੀਵਨ ਸੌਖਾ ਕੀਤਾ ਉਸ ਨੇ ਜਦੋਂ ਮਸ਼ੀਨ ਬਣਾਈ।
ਕਰ ਕਰ ਖੋਜਾਂ ਬਣ ਵਿਗਿਆਨੀ ਕੁਦਰਤ ਮੂਹਰੇ ਲਾਈ।
ਗਿਆਨ ਵਾਲਾ ਵਰ ਬਣਿਆ ਹਓਮੈਂ ,ਮੇਰੀ ਮੇਰੀ ਹੋਈ
ਆਪੋ ਧਾਪੀ ਵੇਖ ਬੰਦੇ ਦੀ ਕੁਦਰਤ ਸੀ ਫਿਰ ਰੋਈ।
ਪੌਣ ਪਾਣੀ ਤਾਈਂ ਜ਼ਹਿਰੀ ਕਰਕੇ ਕਹਿੰਦਾ ਕਰੀ ਤਰੱਕੀ।
ਆਪਾ ਭੁੱਲਿਆ ਚੀਜ਼ਾਂ ‘ਕੱਠੀਆਂ ਕਰਾਂ ਧਾਰ ਲਈ ਪੱਕੀ।
ਵਿਹਲਾ ਰਹੂੰਗਾ ਬੰਦੇ ਸੋਚਿਆ ਸੀ ਮਸ਼ੀਨ ਬਣਾ ਕੇ।
ਪਰ ਮਾਇਆ ਦੇ ਚੱਕਰ ਦੇ ਵਿੱਚ ਬਹਿ ਗਿਆ ਚੈਨ ਗਵਾ ਕੇ
ਦਿਨੇ ਚੈਨ ਨਾ ਨੀਦ ਰਾਤ ਨੂੰ ਜਿਉਂ ਕੂਕਰ ਹਲਕਾਇਆ।
ਰਲ ਮਿਲ ਵਿੱਚ ਪਰਵਾਰ ਬਹਿਣ ਦਾ ਉਸ ਨੇ ਸਮਾਂ ਗਵਾਇਆ।
ਰੱਬੀ ਦਾਤਾਂ ਕੁੱਝ ਕੁ ਬੰਦੇ, ਕੱਠੀਆਂ ਕਰਕੇ ਬਹਿ ਗਏ।
ਬਾਕੀ ਦੇ ਕੁਝ ਬਣੇ ਨਿਮਾਣੇ ਨੰਗੇ ਭੁੱਖੇ ਰਹਿ ਗਏ।
ਧਰਮ ਮਜਹਬ ਤੇ ਦੇਸ਼ ਕੌਮ ਦੀਆਂ ਖਿੱਚ ਲਕੀਰਾਂ ਲਈਆਂ।
ਲੜ ਲੜ ਮਰਿਆ ਫੇਰ ਕੀਮਤੀ ਕਿੰਨੀਆਂ ਜਾਨਾਂ ਗਈਆਂ।
ਬੰਬ ਟੈਂਕ ਮੀਜ਼ਾਈਲ ਬਾਰੂਦਾਂ ਦੇ ਹਨ ਢੇਰ ਲਗਾਏ।
ਮਾਨਵਤਾ ਲਈ ਸਾਇੰਸ ਵਰਤਣੀ ਦਿਲੋਂ ਖ਼ਿਆਲ ਭੁਲਾਏ।
ਈਸਾ ਰਾਮ ਮੁਹੰਮਦ ਨਾਨਕ ਤੁਰ ਗਏ ਜੋ ਸਮਝਾ ਕੇ।
ਆਪਸ ਦੇ ਵਿੱਚ ਲੜ ਲੜ ਮਰਦੇ ਸਿੱਖਿਆ ਦਿਲੋਂ ਭੁਲਾ ਕੇ।
ਗੁਰਬਾਣੀ ਦਾ ਸੱਭੈ ਸਾਂਝੀਵਾਲ ਹੈ ਦਿਲੋਂ ਭੁਲਾਇਆ।
ਗੱਗੜ ਮਾਜਰੇ ਵਾਲਿਆ ਰੱਬ ਨੇ ਉਹੀਓ ਯਾਦ ਕਰਾਇਆ