ਬਾਪੂ ਹੁੰਦਾ ਸੀ ਇਕ

ਬਾਪੂ ਹੁੰਦਾ ਸੀ ਇਕ

ਘਰ ਉਤਲੇ ਅਸਮਾਨ ਵਰਗਾ

ਪੱਕੀ ਛੱਤ ਘਰ ਦੀ

ਸ਼ਹਿਨਸ਼ਾਹ ਵਿਹੜੇ ਦਾ

ਅਹਿਮ ਯੋਗਦਾਨ ਜ਼ਿੰਦਗੀ ਦਾ

ਜ਼ਿੰਦਗੀ ਜਿਊਣੀ, 

ਤਾਰਿਆਂ ਨਾਲ 

ਕਿੰਜ਼ ਖੇਡੀਦਾ ਹੱਸੀ ਦਾ ਦੱਸਣ ਵਾਲਾ

ਵਿਹੜੇ ਕਦੇ 

ਫ਼ਿਕਰ ਚਿੰਤਾ ਨਹੀਂ ਸੀ ਵੜ੍ਹੀ

ਚਾਅ ਮਲ੍ਹਾਰ ਸਰ੍ਹਾਣੇ ਰੱਖ ਰੱਖ ਸਾਉਂਦੇ

ਓਦੋਂ ਦੁਨੀਆਂ ਦੇ 

ਸਾਰੇ ਖਿਡਾਉਣੇ ਅਜੇ ਮੇਰੇ ਹੁੰਦੇ ਸਨ

ਤੇ ਦੁੱਧ ਛੰਨਿਆਂ ਖੋਰੇ ਹੋਏ ਚੰਨ ਵੀ 

ਜ਼ਿੰਦਗੀ ਨੂੰ ਹੱਸਦਿਆ ਦੇਖਣਾ ਹੈ

ਤਾਂ ਰੱਬ ਵਰਗੇ ਬਾਪ ਵੱਲ ਤੱਕਿਓ

ਰੀਝਾਂ ਸੰਗ ਝੂਟਣਾ ਹੈ ਤਾਂ

ਓਹਦਾ ਖਿੜਿਆ ਮੁੱਖ ਦੇਖਿਓ

ਸਾਰੇ ਚਾਅ ਤੁਹਾਡੇ ਹੋ ਜਾਣਗੇ 

ਸਾਰੇ ਸੁਪਨੇ ਤੁਹਾਡੇ ਸਰਾਣੇ ਬੈਠ ਜਾਣਗੇ 

ਤਾਰੇ ਨਹੀਂ ਸੀ ਕਦੇ ਟੁੱਟਦੇ ਦੇਖੇ

ਸੂਰਜ ਨਹੀਂ ਸੀ ਕਦੇ ਘਰੋਂ ਗਿਆ

ਵਾਪਿਸ ਪਰਤ ਆਉਂਦੀਆਂ ਸਨ

ਰੁੱਸੀਆਂ ਹਵਾਵਾਂ ਨਿੱਘੀਆਂ ਸਵੇਰਾਂ 

ਜਗਤ ਮੱਤਾਂ ਸਲਾਹਾਂ ਲੈਣ ਆਉਂਦਾ 

ਪਿੰਡ ਰੌਣਕ ਦਿਸਦੀ

ਰਾਹ ਮੇਲੇ ਨੱਕੋ ਨੱਕ ਭਰੇ ਲੱਗਦੇ

ਰੱਬ ਦੇ ਮੋਢਿਆਂ ਤੇ 

ਚੜ੍ਹ ਚੜ੍ਹ ਮੇਲਿਆਂ 

ਮੱਸਿਆ ਤੇ ਸਿੰਝਾਂ ਤੇ ਜਾਂਦੇ-

ਭੈਣਾਂ ਆਉੁਂਦੀਆਂ ਜਾਂਦੀਆਂ

ਪੇਕਿਆਂ ਤੋਂ ਸਰਦਾ ਪੁੱਜਦਾ 

ਲੈ ਕੇ ਮੁੜਦੀਆਂ-

ਉਡੀਕਾਂ ਬਾਹਰ ਬੂਹੇ ਤੇ ਜਾ ਜਾ

ਧੀਆਂ ਧਿਆਣੀਆਂ ਦੇ ਰਾਹ ਤੱਕਦੀਆਂ-

"ਸ਼ਾਇਦ ਬੱਸ ਨਹੀਂ ਮਿਲੀ ਹੋਣੀ

ਅਗਲੀ ਬੱਸ ਤੇ ਜਾਵੇਗੀ"

ਚਾਹਾਂ ਰਿੱਝਦੀਆਂ ਗੜਵੀਆਂ ਭਰਦੀਆਂ

ਪਕੌੜੇ ਪੂੜੇ ਪੱਕਦੇ

ਪਿੰਨੀਆਂ ਭੁਰਦੀਆਂ ਹੱਥਾਂ 'ਚ-

ਦਾਦੀ ਪੁੱਤ ਪੋਤਿਆਂ 'ਚ 

ਮਹਾਂਰਾਣੀ ਬਣ ਬੈਠਦੀ

ਇੱਕ ਦੂਸਰੇ ਦੀਆਂ 

ਪੁਰਾਣੀਆਂ ਆਦਤਾਂ ਤੇ ਹੱਸਦੇ

ਅੰਬਰ ਨੇੜੇ ਖੜ੍ਹ ਖੜ੍ਹ ਝਾਕਦਾ-

ਤੁਰੇ ਤੁਰੇ ਜਾਂਦੇ ਰਾਹੀ ਗਵਾਂਢੀ 

ਰੁਕ ਰੁਕ ਲੰਘਦੇ-

ਪਿੰਡ ਚੋਂ ਫ਼ਿਕਰ ਦੌੜਦੇ-

ਬੁਖ਼ਾਰ ਉੱਤਰ ਜਾਂਦਾ ਸੀ-

ਓਸ ਜ਼ਹਾਨ ਦੀ ਇੱਕ ਹੱਥ ਦੀ ਛੁਹ ਨਾਲ

"ਲੈ ਹੁਣ ਮੇਰੇ ਪੁੱਤ ਨੇ ਠੀਕ ਹੋ ਜਾਣਾ"

ਉਸ ਜ਼ਹਾਨ ਦੀਆਂ ਅੱਖਾਂ 'ਚ

ਹੰਝੂ ਦੋ ਵਾਰ ਦੋਖੋਗੇ -

ਬੇਟੀ ਦੀ ਡੋਲੀ ਵੇਲੇ ਅਤੇ

ਦੂਜਾ ਜਦ ਪੁੱਤ ਲੜ ਕੇ ਮੂੰਹ ਮੋੜ ਲਏ -

ਜਿਸ ਦਿਨ ਦਾ ਚੰਦ ਟੁੱਟ ਕੇ

ਅਸਮਾਨ ਤੋਂ ਡਿੱਗਾ ਹੈ

ਤਾਰੇ ਝੜ੍ਹੇ ਨੇ ਅੰਬਰੋਂ

ਨਾ ਤਾਂ ਠੰਢੀ ਵਾ ਅੰਦਰ ਵੜੀ ਹੈ

ਤੇ ਨਾ ਹੀ ਨਿੱਜ ਹੋਣਾ ਕੋਈ ਸੁਖਾਵਾਂ ਮੌਸਮ

ਮੰਜੇ ਅਲਾਣੇ ਝਾਕ ਰਹੇ ਹਨ

ਚਾਦਰਾਂ ਦੀਆਂ ਤਹਿਆਂ 

ਨਹੀਂ ਕਦੇ ਖੁੱਲ੍ਹੀਆਂ

ਤੇ ਨਾ ਹੀ ਹੁਣ ਭੈਣਾਂ ਦੌੜ੍ਹ ਦੌੜ੍ਹ ਆਉੁਂਦੀਆਂ ਨੇ ਹੱਸ ਹੱਸ ਕੇ

ਮਾਂਪਿਆਂ ਤੋਂ ਬਾਅਦ ਕਾਹਦੇ ਪੇਕੇ

ਕਿਹੜੇ ਚਾਅ ਬਾਬਲ ਦੇ

ਮਾਂ ਬਗੈਰ ਚਾਅ ਵੀ ਕੌਣ ਕਰਦਾ 

ਬਾਪ ਬਿਨ ਅੰਬਰ ਵੀ ਕਿਹੜਾ ਬਣਦਾ 

 

ਬੰਦ ਬੂਹੇ ਦੇਖਣ ਜਾਵੇ ਤਾਂ ਕਿਹੜਾ

ਸੁੰਨ੍ਹੇ ਵਿਹੜੇ ਰੋਂਦਿਆਂ ਨੂੰ ਕਦ ਵਿਰਾਉਂਦੇ ਨੇ-

ਕੌਣ ਪੂੰਝਣ ਆਉਂਦਾ ਹੈ ਅੱਥਰੂ ਪਿੰਡ ਚੋਂ

ਬਾਪ ਵਰਗਾ ਪਰਬਤ ਸਹਾਰਾ ਬਣ ਕੇ

ਤੁਰੀਆਂ ਜਾਂਦੀਆਂ ਹਵਾਵਾਂ ਕਦ ਪੁੱਛਦੀਆਂ ਨੇ

ਵੈਣਾਂ ਦੀਆਂ ਡੂੰਘਾਈਆਂ ਨੂੰ-

ਕਿਹੜਾ ਰੁੱਖ ਚੁੱਪ ਕਰਾਉਂਦਾ ਹੈ

ਸੁੱਕੇ ਝੜੇ ਪੱਤਿਆਂ ਨੂੰ

ਕਿਹੜਾ ਜ਼ਿੰਦਰੇ ਵਾਲਾ ਬੂਹਾ ਦੇਖਿਆ ਕਿਸੇ ਨੇ ਹੁਣ

ਲੋਹੜੀਆਂ ਤੇ ਦੀਵਾਲੀਆਂ ਲੈ ਕੇ ਕਿਹੜਾ ਬੈਠਾ ਓਥੇ ਜ਼ਹਾਨ

ਕਿਰਦੀਆਂ ਛੱਤਾਂ ਕੌਣ ਲਿੱਪਦਾ ਹੁਣ

ਕੋਈ ਆਪਣੇ ਤੋਂ ਬਗੈਰ

ਭਾਈ ਵੀ ਨਹੀਂ ਕਦੇ ਆਇਆ ਹੁਣ ਪੁੱਛਣ 

ਕਿ ਸਰਦਾਰ ਜੀ ਅਖੰਡ ਪਾਠ ਕਦ ਰੱਖਣਾਂ ਐਤਕੀਂ

ਮੁੰਡਿਆਂ ਨੇ ਕਦੋਂ ਆਉਣਾ ਹੈ ਨਾਰਵੇ ਤੋਂ-

ਨਾ ਤਾਂ ਖੜ੍ਹੇ ਕੀਤੇ ਮੰਜੇ ਬੋਲਦੇ ਹਨ

ਤੇ ਨਾ ਹੀ ਮਾਂ ਦੇ ਸਾਂਭੇ ਸੰਦੂਕ ਟਰੰਕ

ਘਰ ਪਏ ਦੋ ਚਾਰ ਔਜ਼ਾਰ ਵੀ ਜਾਪਦਾ

ਓਦਣ ਦੇ ਸਦਾ ਦੀ ਨੀਂਦਰ ਸੌਂ ਗਏ ਹਨ-

ਚੁੱਲ੍ਹੇ ਤੇ ਚਾਹ ਨਹੀਂ ਕਿਸੇ ਨੇ ਧਰੀ ਓਦਣ ਦੀ

ਕੱਪ ਗਲਾਸ ਗੜਵੀਆਂ

ਚੁੱਪ ਪਏ ਬਕਸਿਆ ਚੋਂ ਝਾਕਦੇ ਨੇ

ਓਦਣ ਦੀ ਡੁੱਲ੍ਹੀ ਚਾਹ ਦਾ ਦਾਗ

ਨਹੀਂ ਕਿਸੇ ਨੇ ਫ਼ਰਸ਼ ਤੋਂ ਪੂੰਝਿਆ

ਜਿਸ ਦਿਨ ਦਾ ਸੂਰਜ ਰੁੱਸਿਆ ਹੈ ਘਰੋਂ

ਚਾਨਣੀ ਰਾਤ ਨਹੀਂ ਦਿਸੀ ਕਦੇ ਘਰ ਦੇ ਨੇੜੇ ਤੇੜੇ-

ਜਿਸ ਦਿਨ ਦਾ ਅੰਬਰ ਪਾਟਿਆ ਹੈ ਵਿਹੜੇ ਦਾ

ਓਸ ਦਿਨ ਅਸਮਾਨੀ ਬਿਜਲੀ ਡਿੱਗੀ ਸੀ ਪਿੰਡ ਤੇ

ਸਾਰੀ ਰਾਤ ਰੋਈ ਸੀ ਓਦਣ

ਸਾਡੇ ਘਰ ਦੀ ਛੱਤ ਤੇ ਕਿਤੇ ਚੰਦ ਤਾਰਾ ਨਹੀਂ ਸੀ ਦਿਸਿਆ

ਓਸ ਦਿਨ ਤੋਂ ਬਾਅਦ-

ਦੁਨੀਆਂ ਭਰ ਦੇ ਖਿਡੌਣੇ ਟੁੱਟ ਗਏ ਸਨ ਮੇਰੇ ਤੇ ਭੈਣ ਭਰਾਵਾਂ ਦੇ

ਚਾਅ ਮਰ ਗਏ ਸਨ ਰਾਹਵਾਂ ਦੇ

ਸੁਪਨੇ ਡਰ ਗਏ ਮਾਵਾਂ ਦੇ-

ਮਾਂਪਿਆਂ ਤੋਂ ਬਾਅਦ ਕਾਹਦੇ ਪੇਕੇ

📝 ਸੋਧ ਲਈ ਭੇਜੋ