ਬਾਪੂ ਜੀ ਅਰਾਮ ਫ਼ਰਮਾਓ

ਬੱਚੇ ਕਹਿੰਦੇ ਬਾਪੂ ਜੀ

ਹੁਣ ਤੁਸੀਂ ਅਰਾਮ ਫ਼ਰਮਾਇਆ ਕਰੋ

ਉਮਰ ਬੀਤ ਗਈ ਕੰਮ ਕਰਦਿਆਂ

ਹੁਣ ਨਾ ਕਰਮ ਕਮਾਇਆ ਕਰੋ

ਹੱਥ ਪੈਰ ਬੱਸ ਰਹਿਣ ਚੱਲਦੇ

ਬੱਸ ਇਨਾਂ ਕੁ ਹੀ ਕਮਾਇਆ ਕਰੋ

ਕਰ ਲਵਾਂਗੇ ਕੰਮ ਕਾਰ ਅਸੀਂ

ਹੁਣ ਤੁਸੀਂ ਵਿਹਲੇ ਖਾਇਆ ਕਰੋ

ਖਾਣ ਪੀਣ ਵਿਚ ਦਾਲ ਫੁੱਲਕਾ

ਦੁੱਧ ਘਿਓ ਨਾ ਖਾਇਆ ਕਰੋ

ਮੱਟਰ ਪਨੀਰ ਨਾ ਮਾਸ ਮੱਛੀ

ਫਲ਼ ਫਰੂਟ ਵੀ ਨਾ ਖਾਇਆ ਕਰੋ

ਤੱਦ ਹੀ ਸਿਹਤ ਰਹੂਗੀ ਚੰਗੀ

ਜਰਾ ਹੱਥ ਪੈਰ ਵੀ ਹਿਲਾਇਆ ਕਰੋ

ਉੱਠਣਾ ਸਵੇਰੇ ਤੜਕੇ ਤੜਕੇ

ਦਿਨ ਨਾ ਬਹੁਤਾ ਚੜ੍ਹਾਇਆ ਕਰੋ

ਕੱਢ ਕੇ ਧਾਰ ਚੱਕ ਗੋਹਾ ਕੂੜਾ

ਪਸੂਆਂ ਨੂੰ ਪੱਠੇ ਪਾਇਆ ਕਰੋ

ਨਹਾ ਧੋ ਪਾ ਸੋਹਣੇ ਕੱਪੜੇ

ਮੰਦਿਰ ਮਸਿਜਦ ਜਾਇਆ ਕਰੋ

ਸੁੱਖ ਸ਼ਾਂਤੀ ਦੀਆਂ ਕਰ ਅਰਦਾਸਾਂ

ਸਾਡੇ ਲਈ ਲਿਆਇਆ ਕਰੋ

ਖਾ ਕੇ ਰੋਟੀ ਲੈ ਕੇ ਸਾਈਕਲ

ਬੱਚੇ ਸਕੂਲ ਛੱਡ ਆਇਆ ਕਰੋ

ਪਰਤ ਸਕੂਲੋਂ ਬਾਪੂ ਜੀ ਤੁਸੀਂ

ਖੇਤ ਗੇੜਾ ਲਾਇਆ ਕਰੋ

ਕੰਮ ਕਾਰ ਕਰਕੇ ਖੇਤੀਂ

ਪੱਠਿਆਂ ਦੀ ਪੰਡ ਬਣਾਇਆ ਕਰੋ

ਖੇਤ ਜੋਤ ਬਲਦਾਂ ਦੀ ਜੋੜੀ

ਖੇਤ ਵਿਚ ਹਲ਼ ਵਾਹਿਆ ਕਰੋ

ਖਾ ਕੇ ਰੋਟੀ ਦੁਪਿਹਰ ਦੀ ਬਾਪੂ ਜੀ

ਬੱਚੇ ਸਕੂਲੋਂ ਲੈ ਆਇਆ ਕਰੋ

ਕਹੀ ਲੈ ਕੇ ਮੋੜ ਕੇ ਨੱਕੇ

ਪਾਣੀ ਫਸਲਾਂ ਨੂੰ ਲਾਇਆ ਕਰੋ

ਸ਼ਾਮ ਢਲਦੇ ਚਲਾ ਕੇ ਗੇੜੀ

ਪਸੂਆਂ ਦੇ ਪੱਠੇ ਬਣਾਇਆ ਕਰੋ

ਪਾ ਕੇ ਪੱਠੇ ਕੱਢ ਕੇ ਧਾਰਾਂ

ਦੁੱਧ ਦੀ ਬਾਲਟੀ ਫੜਾਇਆ ਕਰੋ

ਖਾ ਕੇ ਰੋਟੀ ਰਾਤ ਦੀ ਬਾਪੂ ਜੀ

ਜਲਦੀ ਨਾ ਸੌਂ ਜਾਇਆ ਕਰੋ

ਥੱਕ ਜਾਈਦਾ ਦਿਨ ਭਰ ਦੇ ਕੰਮ ਤੋਂ

ਨਾਲ਼ ਸਾਡੇ ਵੀ ਹੱਥ ਵਟਾਇਆ ਕਰੋ

ਫਿਰ ਵੀ ਕਦੇ ਜੇ ਕੰਮ ਨੂੰ ਕਹਿਆ

ਮੱਥੇ ਵੱਟ ਨਾ ਪਾਇਆ ਕਰੋ

ਕਦੇ ਕਦੇ ਤਾਂ ਕੰਮ ਨੂੰ ਕਹਿਣਾ

ਹੱਸ ਹੱਸ ਕਰ ਆਇਆ ਕਰੋ

ਉਂਞ ਵੀ ਹੁਣ ਤੁਸੀਂ ਹੋਏ ਸਿਆਣੇ

ਇੱਧਰ ਉੱਧਰ ਨਾ ਜਾਇਆ ਕਰੋ

ਪੈਸੇ ਰੱਖਿਓ ਸਾਂਭ ਸਾਂਭ ਕੇ

ਇੱਧਰ-ਉੱਧਰ ਨਾ ਉਡਾਇਆ ਕਰੋ

ਬਾਕੀ ਬਾਪੂ ਜੀ ਤੁਸੀਂ ਆਪ ਸਿਆਣੇ

ਥੋੜ੍ਹਾ ਸਾਨੂੰ ਵੀ ਸਮਝਾਇਆ ਕਰੋ

ਮੈਂ ਹੱਸਿਆ ਸੁਣ ਬੱਚਿਆਂ ਦੀਆਂ ਗੱਲਾਂ

ਤੁਸੀਂ ਵੀ ਹੱਸਿਆ ਗਾਇਆ ਕਰੋ

ਹੱਸ ਬੋਲ ਰਹੋ ਮਿਲ ਜੁਲ ਕੇ

ਗੱਲ ਦਿਲ ਤੇ ਨਾ ਲਾਇਆ ਕਰੋ

ਇੱਕ ਨੇ ਕਹੀ ਦੂਜੇ ਮੰਨੀ

ਇੰਞ ਹੀ ਵਕਤ ਲੰਘਾਇਆ ਕਰੋ

ਘੱਟ ਵੱਧ ਥੋਹੜਾ ਛੋਟਾ ਵੱਡਾ

ਵੇਖ ਨਾ ਮਨ ਲਲਚਾਇਆ ਕਰੋ

ਵਕਤ ਪੂਰਦਾ ਸੱਭ ਘਾਟੇ ਵਾਧੇ

ਇਹ ਸੋਚ ਕੇ ਮਨ ਸਮਝਾਇਆ ਕਰੋ

ਵਕਤ ਕਦੇ ਨਾ ਇੱਕ ਥਾਂ ਰੁੱਕਿਆ

ਐਵੇਂ ਨਾ ਢੇਰੀ ਢਾਇਆ ਕਰੋ

ਕੀਤੀ ਮਿਹਨਤ ਰੰਗ ਲਿਆਵੇ

ਹੌਸਲੇ ਬੁਲੰਦ ਬਣਾਇਆ ਕਰੋ

ਆਪ ਬੀਤੀ ਆਖ ਸੁਣਾਈ

ਤੁਸੀਂ ਵੀ ਆਖ ਸੁਣਾਇਆ ਕਰੋ

ਕਹਿਣ ਨਾਲ਼ ਮਨ ਹੋ ਜਾਏ ਹੌਲਾ

ਗੱਲ ਮਨ ਵਿਚ ਨਾ ਦਬਾਇਆ ਕਰੋ

📝 ਸੋਧ ਲਈ ਭੇਜੋ