ਕੱਕਰਾਂ ਨੇ ਲੁੱਟ ਪੁੱਟ ਨੰਗ ਕਰ ਛੱਡੇ ਰੁੱਖ,
ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆਂ।
ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ,
ਆਲ੍ਹਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ ।
ਬਾਗ਼ਾਂ ਵਿੱਚ ਬੂਟਿਆਂ ਨੇ ਡੋਡੀਆਂ ਉਭਾਰੀਆਂ ਤੇ,
ਮਿੱਠੀ ਮਿੱਠੀ ਪੌਣ ਆ ਕੇ ਸੁੱਤੀਆਂ ਉਠਾਲੀਆਂ।
ਖਿੜ ਖਿੜ ਹੱਸਦੀਆਂ ਵੱਸਿਆ ਜਹਾਨ ਵੇਖ,
ਗੁੱਟੇ ਉੱਤੇ ਕੇਸਰ, ਗੁਲਾਬ ਉੱਤੇ ਲਾਲੀਆਂ।
ਫੁੱਲਾਂ ਭਰੇ ਗਮਲਿਆਂ ਨੂੰ ਜੋੜਿਆ ਕਤਾਰ ਬੰਨ੍ਹ,
ਹਰੀ-ਹਰੀ ਘਾਹ ਦੀ ਵਿਛਾਈ ਉੱਤੇ ਮਾਲੀਆਂ।
ਬੁਲਬੁਲ ਫੁੱਲ-ਫੁੱਲ, ਫੁੱਲਾਂ ਦੇ ਸਦਕੇ ਲਏ,
ਭੌਰੇ ਲਟਬੌਰਿਆਂ ਨੂੰ ਆਈਆਂ ਖ਼ੁਸ਼ਹਾਲੀਆਂ।
ਪੰਛੀਆਂ ਨੇ ਗਾਵਿਆ ਹਿੰਡੋਲ ਤੇ ਬਸੰਤ ਰਾਗ,
ਚਿਰਾਂ ਪਿੱਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ।
ਕੇਸਰੀ ਦੁਪੱਟੇ ਨੂੰ ਬਸੰਤ ਕੌਰ ਪਹਿਨ ਜਦੋਂ,
ਡੋਰੇ ਦਾਰ ਨੈਣਾਂ ਵਿੱਚੋਂ ਸੁੱਟੀਆਂ ਗੁਲਾਲੀਆਂ।