ਬੇਟ ਦੇ ਵਾਸੀ

ਗਾਚੀ ਦੇ ਗੁੰਬਦ, ਬੇਟ ਦੇ ਵਾਸੀ

ਮੂਸਲੀ-ਢਿੱਡ, ਦੈੜਾਂ ਦੀ ਚਰਬੀ

ਢਾਬ ਦੀ ਅੱਖ, ਰੋਹੀ ਦੇ ਸੁਰਮੇ

ਵਾਹਣਾਂ ਦੀ ਕੰਡ, ਬੂਈਂ ਦੇ ਬੋਦੇ

ਕਮਾਦੀ-ਢਾਣੀ, ਸੰਦਲੀ-ਠੇਕੇ।

ਭਾਦੋਂ ਦਾ ਗੁੱਸਾ, ਸਾਵਣੀ-ਝੱਲ

ਸੰਧੂਰੀ-ਜਜ਼ਬੇ, ਅਟਕ ਦੀ ਛੱਲ

ਮਿੱਟੀ-ਵਿਲਾਸ, ਪੌਣਾਂ ਦਾ ਸੂਣਾ

ਵੈਰੀ ਦਾ ਵਾਰ, ਚੁਰਾਹੇ-ਟੂਣਾ

ਵੇਲਾਂ ਦੇ ਵਲ਼, ਭੜ੍ਹੀਂ ਦੇ ਮੇਚੇ।

ਸ਼ਿਆਮ ਦੇ ਪੈਰ, ਮਿਰਗੀ-ਡੇਲੇ

ਅਰਸ਼ੀ ਥਲਾਂ ‘ਤੇ, ਕਿਰਨੀ-ਛਾਲੇ

ਚੰਨ-ਚਰਾਹਾ, ਰਿਸ਼ਮਾਂ ਨੂੰ ਚਾਰੇ

ਤਰਿਔਤੀ ਬੇਲਾ, ਡਲ਼ਕਾਂ ਮਾਰੇ

ਡੇਰੇ ਦੇ ਟੱਲ, ਲਿਸ਼ਕਦੇ-ਕੈਂਠੇ।

ਜੁਆਲ਼ਾ ਦੇ ਗਿੱਟੇ, ਸਲੇਟੀ-ਵੇਲਾਂ

ਤੋਪਾਂ ਦੇ ਗਲ਼, ਮੋਤੜੀ-ਮਾਲ਼ਾ

ਫ਼ਰਜ਼ੀ ਠੂਠੇ, ਗ਼ਰਜ਼ ਤੋ ਊਣੇ

ਕਪਾਹਾਂ ਦੇ ਆਸ਼ਕ, ਬਲੌਰੀ-ਤਾਰੇ

ਰਬਾਬੀ-ਟੁਣਕਾਂ, ਅਣੀਂ ਦੇ ਮੱਥੇ।

📝 ਸੋਧ ਲਈ ਭੇਜੋ