ਬੇ-ਬਾਹਝ ਤੇਰੇ ਹੋਰ ਕੌਣ ਖੁਦਾਇਆ ਮਾਰੇ

ਬੇ-ਬਾਹਝ ਤੇਰੇ ਹੋਰ ਕੌਣ ਖੁਦਾਇਆ ਮਾਰੇ

ਤੇ ਮਾਰ ਜਿਵਾਏਂ ਤੂੰ ਹੀ

ਜਿੱਥੇ ਪਵਣ ਵਹੀਰ ਤੇ ਕੜਕਣ ਕੱਪੜ

ਹੱਥਾਂ ਤੇ ਚਾ ਲੰਘਾਏਂ ਤੂੰ ਹੀ

ਜਿੱਥੇ ਪਵੇ ਜਹਾਜ਼ਾਂ ਨੂੰ ਵਾਉ ਮੁਖਾਲਿਫ

ਲੰਗਰ ਘੱਤ ਲਗਾਏਂ ਤੂੰ ਹੀ

ਕਰੇਂ ਭਾਹ ਸਮੁੰਦਰ ਸਮੁੰਦਰ ਕਾਰਣ

ਮੱਛੀਆਂ ਵਾਂਗ ਤਰਾਏਂ ਤੂੰ ਹੀ

ਜਿੱਥੇ ਰਗ ਤਬੀਬਾਂ ਨੂੰ ਹੱਥ ਆਵੇ

ਤਾਂ ਰਗਲਾ ਪਛਾਏਂ ਤੂੰ ਹੀ

ਜਿੱਥੇ ਆਜਿਜ਼ ਹੋਂਦੇ ਤਬੀਬ ਸਿਆਣੇ

ਤਾਂ ਦਾਰੂਆਂ ਬਾਹਝ ਛੁਡਾਏਂ ਤੂੰ ਹੀ

ਜਿੱਥੇ ਆਜਿਜ਼ ਰੋਂਦੜੇ ਨੇ ਰੱਤ ਨਿਰਾਸੇ

ਹੱਸ ਹੱਸ ਯਾਰ ਮਿਲਾਏਂ ਤੂੰ ਹੀ

ਜਿੱਥੇ ਧੁੰਦੀ ਗਾਹਰੀ ਖਲੀ ਉੜਾਵੇ

ਓਥੇ ਝਬਰ ਮੀਂਹ ਵਸਾਏਂ ਤੂੰ ਹੀ

ਜਿੱਥੇ ਪਵੇ ਵਬਾ ਤੇ ਮੁਸ਼ਕਲ ਜੀਵਣ

ਅਮਨ-ਅਮਾਨ ਰਖਾਏਂ ਤੂੰ ਹੀ

ਇਹ ਆਜਿਜ਼ ਬੰਦਾ ਕਿਆ ਕੁੱਝ ਮੰਗੇ

ਸਭ ਕੁੱਝ ਦਏਂ ਦਿਵਾਏਂ ਤੂੰ ਹੀ

ਇਹ ਹੈਦਰ ਆਜਿਜ਼ ਹੋ ਮੰਗਣ ਥੋਂ ਭੀ,

ਆਪੇ ਦੇਵੇਂ ਮੰਗਾਏਂ ਤੂੰ ਹੀ ।੧੭।

📝 ਸੋਧ ਲਈ ਭੇਜੋ