ਪੰਜ ਆਬਾਂ ਦਾ ਪੰਜਾਬ ਹੀ,ਬੇਆਬ ਹੋਈ ਜਾਂਦਾ

ਹਰ ਰੁੱਖ ਹੈ ਉਦਾਸ ਤੇ ਮਨੁੱਖ ਰੋਈ ਜਾਂਦਾ

ਜੰਡ ਕਿੱਕਰਾਂ ਕਰੀਰਾਂ ਨੂੰ ਸਵਾਲ ਪੁੱਛਦੇ

ਸਾਡੇ ਸਾਵੇ ਸਾਵੇ ਪੱਤੇ ਨੇ ਕਿਉਂ ਜਾਂਦੇ ਸੁੱਕਦੇ

ਟਾਹਲੀ ਬੇਰੀਆਂ ਬਰੋਟੇ ਕਿਉਂ ਨੇ ਜਾਂਦੇ ਮੁੱਕਦੇ

ਪਾਣੀ ਜੜ੍ਹਾਂ ਤੋਂ ਕਿਉਂ ਦੂਰ ਦੂਰ ਹੋਈ ਜਾਂਦਾ

ਪੰਜ ਆਬਾਂ ਦਾ ਪੰਜਾਬ ਹੀ ...। 

ਜਿਹਨਾਂ  ਪਾਣੀਆਂ ਹਯਾਤੀ ਵਾਲ਼ਾ ਗੀਤ ਗਾਇਆ ਸੀ

ਖ਼ਾਲੀ ਅੰਨ-ਕਾਸਾ ਵਤਨ ਦਾ ਭਰਵਾਇਆ ਸੀ

ਖ਼ਾਲੀ ਗਿਆ ਨਾ ਸਵਾਲੀ ਜੋ ਵੀ ਦਰ ਆਇਆ ਸੀ

ਅੱਜ ਖੇਤ ਖੇਤ ,ਰੇਤ ਰੇਤ ਹੋਈ ਜਾਂਦਾ

ਪੰਜ ਆਬਾਂ ਦਾ ਪੰਜਾਬ ਹੀ ...। 

ਆਬ ਮੁੱਕ ਗਏ ਤਾਂ ਪੰਜਾਬ ਮੁੱਕ ਜਾਣਾ

ਸਾਵਾ ਸਾਵਾ ਹੁਸਨ ਸ਼ਬਾਬ ਮੁੱਕ ਜਾਣਾ

ਰਾਵੀ ਸੁੱਕ ਜਾਣੀ ਤੇ ਚਨਾਬ ਸੁੱਕ ਜਾਣਾ

ਵੱਤਰ ਨਾ ਸਾਂਭਿਆ ਜੇ ਪੈਣਾ ਪਛਤਾਣਾ

ਉੱਠੋ ਜਾਗੋ ਜੀ ਜਨਾਬ ਕੀ ਇਹ ਹੋਈ ਜਾਂਦਾ ?

ਪੰਜ ਆਬਾਂ ਦਾ ਪੰਜਾਬ ਹੀ ...। 

ਜਿਵੇਂ ਆਖਰੀ ਸਮੇਂ ਤੇ ਕੋਈ ਵਾਜਾਂ ਮਾਰਦਾ

ਜਿਵੇਂ ਜ਼ਿੰਦਗੀ ਦੀ ਬਾਜ਼ੀ ਕੋਈ ਜਾਂਦਾ ਹਾਰਦਾ

ਮੈਨੂੰ ਮਰਨੋ ਬਚਾ ਲੋ ਜਿਵੇਂ ਹੈ ਪੁਕਾਰਦਾ

ਪੰਜ ਆਬਾਂ ਦਾ ਵੀ ਹਾਲ ਓਹੀ ਹੋਈ ਜਾਂਦਾ

ਪੰਜ ਆਬਾਂ ਦਾ ਪੰਜਾਬ ਹੀ ...। 

📝 ਸੋਧ ਲਈ ਭੇਜੋ