ਕਿੰਜ ਕੋਈ ਯਾਦ ਆਈ
ਬਿੜਕ ਪਾ ਕੇ ਰਾਤ ਰਾਣੀ ਜਾਗ ਪਈ,
ਕਿਸ ਦੇ ਸਾਹਾਂ ਦੀ ਇਹ ਖ਼ੁਸ਼ਬੂ
ਅੰਗ ਮੇਰੇ ਚੁੰਮਦੀ।
ਹੈ ਕੋਈ ਪਰਛਾਂ ਜਹੀ
ਪੋਲੇ-ਪੋਲੇ ਪੈਰ ਧਰਦੀ
ਮੇਰੇ ਮੰਜੇ ਦੇ ਉਦਾਲੇ ਘੁੰਮਦੀ,
ਮੇਰੇ ਵਿਹੜੇ ਦੇ ਹਨੇਰੇ ਨਾਲ ਗੱਲਾਂ ਕਰ ਰਹੀ !
ਕਿਉਂ ਇਹ ਬਾਹੀਆਂ ਚੀਕੀਆਂ,
ਕੌਣ ਮੰਜੇ ਉੱਤੇ ਆ ਕੇ ਬਹਿ ਗਿਆ,
ਹਾਂ—ਮੈਂ ਹੀ ਪਾਸਾ ਪਰਤਿਆ !
ਫਿਰ ਕਿਸੇ ਦੇ ਨਕਸ਼ ਅੱਜ
ਮੇਰੀ ਪਲਕਾਂ ਤੇ ਪਹਿਰਾ ਦੇ ਰਹੇ
ਨੀਂਦ ਅੱਜ ਗ਼ਮ ਨੂੰ ਚੁਰਾ ਸਕਦੀ ਨਹੀਂ।
ਕਿੰਜ ਪਾਸੇ ਪਲਟਦੇ
ਉਹ ਵੀ ਤਾਂ ਇਕ ਰਾਤ ਸੀ
ਮੁੜ੍ਹਕੋ ਮੁੜ੍ਹਕੀ ਹੋ ਗਈ ਸੀ ਚਾਨਣੀ
ਵੇਖ ਕੇ ਸਾਨੂੰ ਪਸੀਨਾ ਆ ਗਿਆ।
ਅੱਜ ਵੀ ਤਾਂ ਰਾਤ ਹੈ,
ਨੀਲ-ਅੰਬਰ-ਹਿੱਕ ਹੋ ਗਈ ਛਾਨਣੀ,
ਖਿੰਡੀਆਂ ਪਈਆਂ ਨੇ ਕੌੜਾਂ ਅਰਸ਼ ਤੇ,
ਹਾਰ ਕੇ ਬਾਜੀ ਜੁਆਰੀ ਢਹਿ ਪਿਆ
ਹਾਏ ਹੱਡਾਂ ਵਿਚ ਥਕੇਵਾਂ ਰੜਕਦਾ
ਨੀਂਦ ਪਰ ਆਉਂਦੀ ਨਹੀਂ।
ਨੀਂਦ ਪਰ ਆਉਂਦੀ ਨਹੀਂ।