ਤੁਸੀਂ ਜੁਗ ਜੁਗ ਜੀਵੋ ਤਾਰਿਓ!

ਪਰ ਅਸੀਂ ਹਨੇਰੇ ਘੋਰ,

ਤੁਸੀਂ ਜਮ ਜਮ ਵੱਸੋ ਬੱਦਲੋ!

ਪਰ ਸਾਨੂੰ ਪਿਆਸਾਂ ਹੋਰ

ਤੁਸੀਂ ਹੱਸੋ ਫੁੱਲ ਗੁਲਾਬ ਦੇ!

ਸਾਡੇ ਬੋਲ ਵਿਲਕਦੇ ਜਾਣ,

ਤੁਸੀਂ ਪੌਣਾਂ ਵੱਗੋ ਸੰਦਲੀ!

ਸਾਡੇ ਸਾਹ ਸੁਲਗਦੇ ਜਾਣ!

ਤੁਸੀਂ ਲੱਖ ਚੰਦਾ! ਲੱਖ ਸੂਰਜਾ!

ਸਾਡੇ ਸੱਖਣੇ ਸਭ ਅਸਮਾਨ,

ਤੁਸੀਂ ਜਲ ਥਲ ਭਰਿਓ ਨੀਰ ਨੀਰ!

ਸਾਡੀ ਤਰਿਹਾਈ ਜਾਨ।

ਹੋਰ, ਜਨਮ ਜਨਮ ਦੇ ਲਾਰਿਆਂ

ਸਾਨੂੰ ਏਸ ਜਨਮ ਨਾ ਛੋੜ,

ਤੁਸੀਂ ਲੱਖ ਬ੍ਰਹਿਮੰਡਾਂ ਵਾਲੜੇ !

ਸਾਨੂੰ ਇਕ ਜਿੰਦੜੀ ਦੀ ਲੋੜ

ਤੁਸੀਂ ਲਖ ਸੈ ਦਾਤਾਂ ਵਾਲਿਓ!

ਸਾਨੂੰ ਇਕ ਨਸ਼ੇ ਦੀ ਤੋਟ,

ਅਸੀਂ ਪੁਜਾਰੀ ਆਂ ਇੱਕ ਦੇਵ

ਤੁਸੀਂ ਦੇਵਾਂ ਕੋਟਿ ਕੋਟ।

ਸਾਡਾ ਮਨ ਪਰਦੇਸੀ ਮੁੱਢ ਤੋਂ

ਤੁਸੀਂ ਦੇਸਾਂ ਵਾਲੇ ਹੋ!

ਬੇ-ਆਵਾਜ਼ ਇਸ਼ਕ ਕੀ ਆਖੇ

ਉਹਦਾ ਨਿਰਮੋਹੀ ਨਾਲ ਮੋਹ

📝 ਸੋਧ ਲਈ ਭੇਜੋ