ਬੇਦਰਦਾ ਨਾ ਦਰਦ ਫਰੋਲੀਂ, ਆਪਣੇ ਦਿਲ ਤੇ ਜਰਿਆ ਕਰ!
ਓੜਕ ਲੰਮੀਆ ਰਾਤਾਂ ਮੁਕਣਾ, ਤੂੰ ਨਾ ਚਿੰਤਾ ਕਰਿਆ ਕਰ!!
ਹਰ ਇਕ ਬੰਦਾ ਕੈਦੀ ਐਥੇ, ਕੈਦੀ ਕੋਲੋਂ ਆਸ ਨਾ ਰੱਖ,
ਨੇੜੇ ਤੋਂ ਵੀ ਨੇੜੇ ਜਿਹੜਾ, ਉਹਦੀ ਆਸ ਤੇ ਟੁਰਿਆ ਕਰ ।
ਦਿਲ ਦਾ ਸ਼ੀਸ਼ਾ ਢੇਰ ਸੀ ਨਾਜ਼ੁਕ, ਤੋੜ ਕੇ ਖਿੜ-ਖਿੜ ਹੱਸਿਆ ਉਹ
ਟੁੱਟਿਆ ਸ਼ੀਸ਼ਾ ਜੋੜ ਲਵੇਂ ਤੇ ਫਿਰ ਤੂੰ ਹਾਵਾਂ ਭਰਿਆ ਕਰ ।
ਠੋਕਰ ਖਾ ਕੇ ਉਠਦੇ ਵੇਖੇ, ਨਜ਼ਰੋਂ ਡਿਗਿਆ ਉਠਦਾ ਨਹੀਂ,
ਸੋਚਾਂ ਨੂੰ ਤੂੰ ਦੇ ਕੜਿਆਲਾ ਮਾਲ ਤੇ ਚਿਤ ਨਾ ਧਰਿਆ ਕਰ ।
ਹੱਥ ਉਧਾਰੇ ਸਾਹ ਨੇ ਤੇਰੇ ਕਾਹਦੀ ਆਕੜ ਰੱਖੇਂ ਤੂੰ,
ਲੰਮੀ ਰੱਸੀ ਛੱਡੀ ਤੇਰੀ ਉਹਦੀ ਖਿੱਚ ਤੋਂ ਡਰਿਆ ਕਰ ।
ਜ਼ਰ ਤੇ ਸ਼ੁਹਰਤ ਰਹਿ ਜਾਂਦੀ ਜਦ, ਆਪਣੀ ਕਦਰ ਜਤਾਵੇ ਆਪ,
ਸੌਖੀਆਂ ਟੌਰ੍ਹਾਂ ਖ਼ਾਤਰ 'ਆਤਿਸ਼' ਮਨ ਨਾ ਹੌਲਾ ਕਰਿਆ ਕਰ ।