ਬੇੜੀ ਕੋਲ ਗਿਲਾ ਕੀ ਕਰੀਏ

ਬੇੜੀ ਕੋਲ ਗਿਲਾ ਕੀ ਕਰੀਏ, ਸ਼ੂਕਦਿਆਂ ਦਰਿਆਵਾਂ ਦਾ । 

ਚੰਗਾ ਹੈ ਕਿ ਕਰੀਏ ਨਿਰਣਾ, ਵਾਪਰੀਆਂ ਘਟਨਾਵਾਂ ਦਾ

ਸੋਨੇ ਦੀ ਸਰਦਾਰੀ ਸਾਡੇ ਹਰ ਇਕ ਰਿਸ਼ਤੇ ਤੇ ਭਾਰੂ, 

ਕਿੰਨਾ ਪਾੜਾ ਪੈਂਦਾ ਜਾਂਦਾ, ਸਕਿਆਂ ਭੈਣ ਭਰਾਵਾਂ ਦਾ। 

'ਚੱਤੋ ਪਹਿਰ ਦੀ ਮਗਜ਼ ਖਪਾਈ,' ਪੁੱਛੇ ਮੈਨੂੰ ਮਾਂ ਬੁੱਢੀ, 

"ਦੱਸ ਪੁੱਤ ਕੀ ਮਿਲਦਾ ਤੈਨੂੰ,'' ਛਪ ਗਈਆਂ ਕਵਿਤਾਵਾਂ ਦਾ। 

ਹੱਕਾਂ ਖਾਤਰ ਲੋਕੀਂ ਤਾਂ ਨੇ, ਸੂਲੀ ਉੱਤੇ ਝੂਲ ਗਏ, 

ਰੋਜ਼ ਕਥਾ ਕੀ ਕਰਦਾ ਰਹਿਨਾ, ਕੱਟੀਆਂ ਕੈਦ ਸਜ਼ਾਵਾਂ ਦਾ।

ਝੋਲੀ ਵਿਚ ਜਿਗਰ ਦੇ ਟੋਟੇ, ਹਿਰਦੇ ਸੂਲੀ ਲਾਟ ਬਲੇ, 

ਏਸ ਤਰ੍ਹਾਂ ਦਾ ਹੈ ਕੁਝ ਰਿਸ਼ਤਾ, ਸਾਡੀਆਂ ਭੈਣਾਂ ਮਾਵਾਂ ਦਾ । 

ਥੱਕ ਗਏ ਨੇ ਨੈਣ ਅਸਾਡੇ, ਨਜ਼ਰ ਵਿਛਾਈ ਰਾਹਾਂ 'ਤੇ,

ਆਉ ਉੱਡ ਸੁਆਗਤ ਕਰੀਏ, ਆਈਆਂ ਘੋਰ ਘਟਾਵਾਂ ਦਾ

ਉਹਨੇ ਗੀਤ ਸੁਰੀਲੇ ਗਾਉਣੇ, ਇਹਨਾਂ ਕਰਨੀ ਕਾਂ ਕਾਂ ਹੀ, 

ਨਾਲ ਕੋਇਲ ਕੀ ਕਰੂ, ਸ਼ਰੀਕਾ, ਇਹਨਾਂ ਕਾਲੇ ਕਾਵਾਂ ਦਾ

ਹੁੰਦਲ ਉੱਤੇ ਬੜੀਆਂ ਊਜਾਂ, ਮੁੱਢੋਂ ਆਈਆਂ ਲਗਦੀਆਂ, 

ਉਹਨੂੰ ਭੇਤ ਬੜਾ ਹੋ ਚੁੱਕਾ ਇਹਨਾਂ ਬੱਦ ਬਲਾਵਾਂ ਦਾ

📝 ਸੋਧ ਲਈ ਭੇਜੋ