ਜੋਗੀ ਜਦੋਂ

ਮਨ ਦੇ ਸਰੂਰ ਵਿੱਚ ਕੇ

ਬੀਨ ਹੋਠਾਂ ਨੂੰ ਲਾਉਂਦਾ

ਅੰਦਰਲੀ ਤੜਪ

ਹਵਾ ਬਣ ਕੇ

ਬੀਨ ’ਚ ਉਤਰਦੀ

ਜੋਗੀ ਬੀਨ ਵਜਾਉਂਦਾ

 

ਜੋਗੀ ਬੀਨ ਵਜਾਉਂਦਾ

ਤਾਂ ਨਾਗਣਾਂ ਦੂਰ ਦੂਰ ਤੋਂ

ਮੇਲ੍ਹਦੀਆਂ ਆਉਂਦੀਆਂ

ਬੀਨ ਦੇ ਦੁਆਲੇ ਨੱਚਣ ਲੱਗਦੀਆਂ

ਬੀਨ ਦੀ ਆਵਾਜ਼

ਹੋਰ ਗਹਿਰੀ ਹੁੰਦੀ ਜਾਂਦੀ

ਹੋਰ ਬੁਲੰਦ

ਨਾਗਣਾਂ ਲਟਬੌਰੀਆਂ

ਬੀਨ ਦੀ ਸੁਰ ਤੇ ਮੇਲ੍ਹਣ ਲੱਗਦੀਆਂ

 

ਜੋਗੀ ਨੂੰ ਪਰ

ਨਾਗਣਾਂ ਨੂੰ ਕੀਲਣ ਦਾ

ਮੰਤਰ ਨਹੀਂ ਸੀ ਆਉਂਦਾ

ਬੀਨ ਜਦੋਂ ਸਿਖ਼ਰ ਤੇ ਪਹੁੰਚਦੀ

ਹੋਰ ਸਿਖ਼ਰ ਤੇ

ਆਖਰ ਰੁਕਦੀ ਰੁਕਦੀ ਰੁਕ ਜਾਂਦੀ

 

ਬੀਨ ਰੁਕਦੀ

ਤਾਂ ਨਾਗਣਾਂ ਤੜਫ਼ ਉੱਠਦੀਆਂ

ਕਰੋਧ ਵਿੱਚ ਫੁੰਕਾਰਦੀਆਂ

ਜੋਗੀ ਨੂੰ ਡੰਗੋ ਡੰਗ ਕਰ ਦਿੰਦੀਆਂ

 

ਜ਼ਹਿਰ

ਜੋਗੀ ਦੀਆਂ ਰਗਾਂ ’ਚ ਦੌੜਦਾ

ਉਹ ਤੜਪ ਉੱਠਦਾ

ਦਰਦ ਤੇ ਨਸ਼ੇ ਦੇ ਨਾਲ

ਧਰਤੀ ’ਤੇ ਮੇਲ੍ਹਦਾ

ਕੁਝ ਦੇਰ ਤੜਪਦਾ

ਕੁਝ ਦੇਰ ਛਟਪਟਾਉਂਦਾ

 

ਪਰ ਜਦੋਂ ਹੀ ਡੰਗਾਂ ਦਾ ਅਸਰ

ਮੱਧਮ ਪੈਣ ਲੱਗਦਾ

ਜੋਗੀ ਫੇਰ ਬੀਨ ਚੁੱਕਦਾ

ਹੋਠਾਂ ਨੂੰ ਲਾਉਂਦਾ

 

ਜੋਗੀ ਬੀਨ ਵਜਾਉਂਦਾ।

📝 ਸੋਧ ਲਈ ਭੇਜੋ