ਬੀਤੇ ਵੇਲੇ ਦੀ ਸਦਾ ਸੋਚ ਦਾ ਜਾਦੂ ਬਣ ਕੇ ।
ਮੇਰੇ ਚੌਗਿਰਦ ਛਣਕਦੀ ਰਹੇ ਘੁੰਗਰੂ ਬਣ ਕੇ ।
ਮੂਰਤਾਂ ਜ਼ਿਹਨ ਦੇ ਵਰਕੇ ਤੇ ਬਣਾਏ ਕੀ ਕੀ,
ਯਾਦ ਇਕ ਸ਼ਖ਼ਸ ਦੀ ਚਾਨਣ ਕਦੇ ਖ਼ੁਸ਼ਬੂ ਬਣ ਕੇ ।
ਦਿਲ ਦਿਆਂ ਜ਼ਖ਼ਮਾਂ ਦੇ ਫੁਲ ਜਾਗ ਪਏ ਨੇ ਸ਼ਾਇਦ,
ਰੰਗ ਢਲਦਾ ਏ ਪਿਆ ਅੱਖੀਆਂ ਚੋਂ ਅੱਥਰੂ ਬਣ ਕੇ ।
ਯਾਦ ਆਈ ਏ ਤੇਰੇ ਦਰਦ ਦਾ ਲਸ਼ਕਰ ਲੈ ਕੇ,
ਦਿਲ ਦਾ ਬਗ਼ਦਾਦ ਉਜਾੜੇਗੀ ਹਲਾਕੂ ਬਣ ਕੇ ।
ਪਿਆਰ ਨਗਰੀ ਦੇ ਮਕੈਨੋ ਜ਼ਰਾ ਕੈੜਾ ਰਹਿਣਾ,
ਮੁੜ ਨਾ ਆ ਜਾਏ ਲੁਟੇਰਾ ਕੋਈ ਸਾਧੂ ਬਣ ਕੇ ।
ਸੋਚ ਕੇ ਪੈਰ ਧਰੀਂ ਪਿਆਰ ਦੇ ਬੇਲੇ 'ਸਾਕੀ',
ਫਿਰ ਰਿਹਾ ਏ ਅਜੇ ਕੈਦੋਂ ਕੋਈ ਕੀੜੂ ਬਣ ਕੇ ।