ਬੀਤਿਆ ਬਚਪਨ ਤਾਂ ਅਜਕਲ ਵਰਜਨਾਵਾਂ ਬਹੁਤ ਨੇ।
ਕੁੜੀਆਂ ਨੂੰ ਸਾਹਾਂ ਦੇ ਬਦਲੇ ਵੀ ਸਜ਼ਾਵਾਂ ਬਹੁਤ ਨੇ।
ਮਾਂ ਜਿਹੀ ਕੋਈ ਦੁਆ ਵੀ ਨਾ ਮਿਲੀ ਇਸ ਦੇਸ 'ਚੋਂ,
ਹਾਸਪੀਟਲ ਬਹੁਤ ਨੇਂ, ਟੀਕੇ, ਦਵਾਵਾਂ ਬਹੁਤ ਨੇ।
ਕੁਲ ਅੰਬਰਾਂ ਵਿੱਚ ਇੱਕ ਤੂੰ ਹੀ ਸਿਤਾਰਾ ਹੈਂ ਮੇਰਾ,
ਉਂਝ ਤਾਂ ਬ੍ਰਹਿਮੰਡ ਅੰਦਰ ਕਹਿਕਸ਼ਾਵਾਂ ਬਹੁਤ ਨੇ।
ਇਸ਼ਕ ਤੇਰੇ ਦੀ ਦਸ਼ਾ ਹੀ, ਜ਼ਿੰਦਗੀ ਦੀ ਹੈ ਦਿਸ਼ਾ,
ਉਂਝ ਤਾਂ ਲੱਖਾਂ ਨੇ ਰਸਤੇ ਤੇ ਦਿਸ਼ਾਵਾਂ ਬਹੁਤ ਨੇ।
ਭਰ ਗਏ ਨੇ ਘਰ ਬਰੂਹਾਂ ਤੀਕ ਵਸਤਾਂ ਨਾਲ ਸਭ,
ਖ਼ੌਲ ਰਹੀਆਂ ਦਿਲ ਦੇ ਅੰਦਰ ਪਰ ਇੱਛਾਵਾਂ ਬਹੁਤ ਨੇ।
ਇੱਕ ਤੇਰੇ ਪਿੰਡ ਦੀ ਹੀ ਉਹ ਡੰਡੀ ਠੰਢੀ ਠਾਰ ਸੀ,
ਆਸੇ ਪਾਸੇ ਪੱਕੀਆਂ ਸੜਕਾਂ, ਤਪੀਆਂ ਰਾਹਵਾਂ ਬਹੁਤ ਨੇ।
ਮੈਨੂੰ ਤਾਂ ਤੇਰੇ ਹੀ ਦਰ 'ਤੇ ਆ ਕੇ ਮਿਲਦਾ ਹੈ ਸਕੂਨ,
ਪੂਜਾ ਲਈ ਇਸ ਸ਼ਹਿਰ ਵਿੱਚ, ਵੈਸੇ ਤਾਂ ਥਾਵਾਂ ਬਹੁਤ ਨੇ।
ਆਪਣੇ ਦਿਲ ਨੂੰ ਹੀ ਸਾਬਤ ਰੱਖਣਾ ਪੈਣਾ ਹੈ ਸਿਦਕ,
ਪੰਧ ਤੋਂ ਭਟਕਾਉਣ ਲਈ ਐਥੇ ਬਲਾਵਾਂ ਬਹੁਤ ਨੇ।