ਬੇਕਾਬੂ ਜੰਗਲ

ਆਦਿ ਕਾਲ ਤੋਂ

ਆਧੁਨਿਕ ਯੁਗ ਵਿੱਚ

ਪਹੁੰਚ ਗਿਆ ਹੈ ਮਾਨਵ ਭਾਵੇਂ

ਪਰ ਇਸ ਦੇ ਅੰਦਰ

ਸਦੀਆਂ ਤੋਂ ਹੀ

ਸਦਾ ਇੱਕ ਖੂੰਖਾਰ ਜਾਨਵਰ

ਸੁੱਤਾ ਰਹਿੰਦਾ

 

ਮੌਕਾ ਮਿਲਦੇ ਹੀ

ਕਿਸੇ ਘਟਨਾ ਦੀ

ਨਿੱਕੀ ਜਿਹੀ ਕੋਈ

ਕੰਕਰ ਇਹਨੂੰ ਜਗਾ ਸਕਦੀ ਹੈ

ਐਵੇਂ ਲਾਂਬੂ ਲਾ ਸਕਦੀ ਹੈ

 

ਕਦੇ ਧਰਮ ਕਦੇ ਜਾਤ ਦੇ ਨਾਂ ਤੇ

ਬੋਲੀ ਕਦੇ ਔਕਾਤ ਦੇ ਨਾਂ ਤੇ

ਅਕਸਰ ਇਹ ਦਹਾੜ ਹੈ ਉੱਠਦਾ

ਸੱਭਿਅਤਾ ਦਾ ਥੋਥਾ ਪਰਦਾ

ਨਾਲ ਨਹੁੰਦਰਾਂ ਪਾੜ ਹੈ ਸੁੱਟਦਾ

 

ਇਕ ਨਹੀਂ

ਫਿਰ ਭੀੜ ਦੇ ਰੂਪ ’ਚ

ਅਣਗਿਣਤ ਜਾਨਵਰ ਕੱਠੇ ਹੋ ਕੇ

ਸੜਕਾਂ ਉਤੇ

ਫਿਰਦੇ ਨੰਗਾ ਨਾਚ ਨੇ ਨੱਚਦੇ

ਅੱਗਾਂ ਲਾਉਂਦੇ

ਗਰੀਬਾਂ ਦੀਆਂ ਰੇੜ੍ਹੀਆਂ ਉਲਟਾਉਂਦੇ

ਸੱਭਿਅਤਾ ਦੇ ਕਿੰਗਰੇ ਢਾਹੁੰਦੇ

ਸ਼ਹਿਰਾਂ ਵਿੱਚ ਦਹਾੜਦੇ ਫਿਰਦੇ

ਮਾਸੂਮਾਂ ਨੂੰ ਮਾਰਦੇ ਫਿਰਦੇ

 

ਸ਼ਹਿਰਾਂ ਵਿੱਚ ਦਹਾੜਦੀਆਂ

ਬੇਕਾਬੂ ਭੀੜਾਂ ਤੋਂ

ਪਤਾ ਲਗਦਾ ਹੈ

ਕਿ ਆਦਿ ਕਾਲ ਤੋਂ ਲੈ ਕੇ ਮਾਨਵ

ਭਾਵੇਂ ਜੰਗਲ ਛੱਡ ਆਇਆ ਹੈ

ਪਰ ਅਜੇ ਤੀਕ ਵੀ

ਉਸਦੇ ਅੰਦਰ

ਜਾਨਵਰ ਇੱਕ ਦਹਾੜ ਰਿਹਾ ਹੈ

ਅਜੇ ਵੀ ਇੱਕ ਬੇਕਾਬੂ ਜੰਗਲ

ਉਸਦੇ ਵਿੱਚ ਚਿੰਘਾੜ ਰਿਹਾ ਹੈ

 

ਆਦਿ ਕਾਲ ਤੋਂ ਲੈ ਕੇ ਮਾਨਵ

ਭਾਵੇਂ ਜੰਗਲ ਛੱਡ ਆਇਆ ਹੈ।

📝 ਸੋਧ ਲਈ ਭੇਜੋ