ਬੇਕਦਰੀ ਦੇ ਟੁੱਕ ਟੁੱਕ ਖਾ ਗਏ

ਬੇਕਦਰੀ ਦੇ ਟੁੱਕ ਟੁੱਕ ਖਾ ਗਏ ਕਿੰਜ ਕਿੰਜ ਕੀੜੇ ਸਾਨੂੰ 

ਕਾਲ਼ੇ ਸ਼ਹਿਰ 'ਚ ਰਾਸ ਨਾ ਆਏ ਚਿੱਟੇ ਲੀੜੇ ਸਾਨੂੰ 

ਜਿਹੜੇ ਐਵੇਂ ਖੁੱਲ੍ਹ ਜਾਂਦੇ ਸਨ ਬੰਦ ਰਏ ਖੁੱਲ੍ਹਣ ਵੇਲ਼ੇ 

ਹੌਲ਼ੀ ਹੌਲ਼ੀ ਲੈ ਬੈਠੇ ਨੇਂ ਜੀਭ ਦੇ ਬੀੜੇ ਸਾਨੂੰ

ਕੱਲ੍ਹ ਨੂੰ ਕਿਧਰੇ ’ਨ੍ਹੇਰ ਪਿਆ ਤੇ ਉਨ੍ਹਾਂ ਨੇਂ ਕੀ ਆਉਣਾ 

’ਕੱਲਿਆਂ ਛੱਡ ਕੇ ਟੁਰ ਗਏ ਜੋ ਵਿਚਕਾਰ ਘਰੀੜੇ ਸਾਨੂੰ

ਜਿਹਨੂੰ ਤਲੀਆਂ ਉੱਤੇ ਚੁੱਕੀਏ ਮਿੱਧ ਦਾ ਪੈਰਾਂ ਥੱਲੇ 

ਜਿਹਦੇ ਲਈ ਖੰਡ ਬਣ ਜਾਂਦੇ ਆਂ ਉਹੀ ਪੀੜੇ ਸਾਨੂੰ

ਜਦ ਕਦੀ ਵੀ ਸਾਡੇ ਦਿਲ ਵਿਚ ਰਾਂਝਾ ਰਾਂਝਾ ਹੋਈ 

ਓਸੇ ਵੇਲੇ ਡੰਗ ਲੈਂਦੇ ਨੇਂ ਲੰਗ ਲੰਗੀੜੇ ਸਾਨੂੰ

ਤੰਗ ਜ਼ਿਹਨਾਂ ਦੇ ਮਾਲਿਕ ਸਾਰੇ ਸੌੜਾਂ ਭੀੜਾ ਮਾਰੇ 

ਆਪਣੀ ਖੁੱਲ ਲਈ ਕਰ ਦਿੰਦੇ ਨੇਂ ਸੌੜੇ ਭੀੜੇ ਸਾਨੂੰ

ਤਾਂ ਤੇ ‘ਸੰਧੂ’ ਸਾਡੇ ਵਿਚੋਂ ਅੱਜ ਤੱਕ ਜ਼ਹਿਰ ਨਈਂ ਮੁੱਕਿਆ 

ਨਾਗਾਂ ਦੀ ਥਾਂ ਲੜਦੇ ਰਹੇ ਨੇਂ ਜੋਗ ਜੋਗੀੜੇ ਸਾਨੂੰ

📝 ਸੋਧ ਲਈ ਭੇਜੋ