ਬੇਲਿਆਂ ਵੱਲ ਜਾਂਦੀ ਸੋਹਣੀ ਨੂੰ

ਤੈਨੂੰ ਯਾਦ ਮਾਹੀ ਦੇ ਦਰ 'ਤੇ 

ਨਾਂਹ ਤਾਂ ਬੋਲ ਅਖ਼ੀਰਾਂ ਦੇ। 

ਨਾਂਹ ਤਾਂ ਕਹਿਰ ਗ਼ਾਜ਼ੀਆਂ ਸੰਦੇ 

ਨਾਂਹ ਤਾਂ ਸਬਰ ਫ਼ਕੀਰਾਂ ਦੇ।(੧)

ਕਿਣਕੇ ਦੇ ਵਿਚ ਡਾਹ ਹਸ਼ਰਾਂ ਦਾ 

ਪੈੜ ਤੇਰੀ ਪਿਆ ਬਾਲੇ, 

ਜਿਸਦੇ ਸਬਰ ਦੀ ਬਿਜਲੀ ਰੁਲਦੀ 

ਵਿਚ ਝਨਾਂ ਦਿਆਂ ਨੀਰਾਂ ਦੇ।(੨)

ਨਿਹੁੰ ਦੀਆਂ ਨਦੀਆਂ ਦੇ ਰਾਹ ਜਾਂਦੇ

ਡਾਢੇ ਸ਼ਾਹ ਦੇ ਦਰ ਤੇ,

ਸਬਰ ਤੇਰੇ ਦੀਆਂ ਪੌਣਾਂ ਛੇੜਣ

ਸੱਥਰ ਵਲੀਆਂ ਪੀਰਾਂ ਦੇ।(੩)

ਜੁਗਨੂੰ ਦੇ ਪਰ ਤੇ ਕੁਝ ਲਿਖਿਆ 

ਤੈਂਡੀ ਨਜ਼ਰ ਸੁਹਾਣੀ, 

ਕਾਲਿਆਂ ਝੱਖੜਾਂ ਨੂੰ ਰਾਹ ਦਸਦਾ 

ਮਹਿੰਦੀ-ਰੰਗਿਆਂ ਤੀਰਾਂ ਦੇ।(੪)

ਕੈਸੀ ਫ਼ਜਰ ਤੇਰੇ ਤੇ ਆਈ

ਬਾਗ਼ ਨਾਂਹ ਥਲ ਨਾਂਹ ਤੇਰੇ, 

ਨੌਬਤ ਵਜਦੀ ਸੁਣੇ ਤੈਨੂੰ 

ਅੱਥਰੂ ਜਿਵੇਂ ਅਸੀਰਾਂ ਦੇ।(੫) 

ਤੁਰ ਗਏ ਸ਼ੁਤਰ-ਸੁਆਰ ਵਿਚਾਰੇ 

ਬਿਨ ਰਾਹ ਪੁੱਛਿਆਂ ਤੈਨੂੰ, 

ਮੁੜ ਵੇਖਣ ਨੂਰ ਪਿਛਾਂਹ ਦੇ 

ਬੋਲ ਜਿਵੇਂ ਤਕਸੀਰਾਂ ਦੇ।(੬)

ਤੇਰੀ ਖੇਡ ਦਾ ਗੀਟਾ ਰੁਲਿਆ 

ਲੰਮੀ ਨਦੀ 'ਚ ਜੀਵੇਂ,

ਜੁਗਨੂੰ ਤੇਰੀ ਤਲੀ 'ਤੋਂ ਉੱਡ ਕੇ 

ਰਾਹ ਪਿਆ ਵਣਾਂ-ਕਰੀਰਾਂ ਦੇ।(੭)

ਉੱਡਦਾ ਬਾਜ਼ ! ਅਜ਼ਾਨ ਸੁਣੀਂਦੀ 

ਤਾਰਾ ਥਲ ਦਾ ਡੋਲੇ,

ਨੀਂਦ ਤੇਰੀ ਵਿਚ ਪੈਂਡੇ ਕੂੰਦਨ 

ਮਜ਼੍ਹਬਾਂ ਦੀਆਂ ਲਕੀਰਾਂ ਦੇ।(੮)

ਤੈਨੂੰ 'ਵਾਜ ਈਦ ਦੀ ਸੁਣਦੀ 

ਹਰੀ ਧਰੇਕ ਦੀ ਛਾਵੇਂ,

ਕੂੜੇ ਦਾਵੇ ਖਾਕ 'ਚ ਰੁਲਦੇ 

ਲੱਖਾਂ ਸ਼ਾਹ ਵਜ਼ੀਰਾਂ ਦੇ।(੯)

ਹਿੱਕੋ ਤਾਂ ਪੈਂਡੇ ਵਲੀਆਂ ਦੇ ਨੇ 

ਹਿੱਕੋ ਤਾਂ ਪੈਂਡੇ ਦੁਨੀਆਂ ਦੇ, 

ਜੀਵੇਂ ਖੇਡ ਤੇਰੀ ਨੂੰ ਤਰਸਨ 

ਵੱਡੇ ਹੱਕ ਸ਼ਮਸ਼ੀਰਾਂ ਦੇ।(੧੦)

ਭਰੀਆਂ ਜ਼ੁਲਫ਼ਾਂ, ਸਾਉਣ ਮਹੀਨਾ 

ਸੂਹੀਆਂ ਸਬਜ਼ ਪੁਸ਼ਾਕਾਂ, 

ਜੋਬਨ ਵਾਂਗ ਤੁਰੇਂਗੀ ਜਦ ਤੂੰ 

ਦਿਸਣਗੇ ਸ਼ਹੁ ਦਿਲਗੀਰਾਂ ਦੇ।(੧੧) 

ਤੂੰ ਨਾਂਹ ਬਾਹਰ ਮਹਿੰਦੀਉਂ ਆਈ 

ਪਹਿਣ ਨਕਾਬ ਫ਼ਕੀਰੀ, 

ਤੇਗ ਪੁਰਾਣੀ ਲੈ ਕੋਈ ਸੁੱਤੇ 

ਜਿਗਰੇ ਨਬੀ ਦੇ ਵੀਰਾਂ ਦੇ।(੧੨)

ਮਹਿੰਦੀ ਦਾ ਇਕ ਸਾਲੂ ਉੱਡਦਾ 

ਸਾਵਨ ਮਾਹ ਦੀਆਂ ਕੂੰਜਾਂ 'ਤੇ, 

ਮਨ ਪਰਦੇਸੀ ਪੀਲ੍ਹਾਂ ਵਾਂਗੂੰ 

ਖੇਡੇ ਨਾਲ ਸਮੀਰਾਂ ਦੇ।(੧੩) 

ਜਾਂ ਕੋਈ ਪੱਤਣ ਜਾਂ ਕੋਈ ਦਾਮਨ 

ਭਿੰਨੀ ਰੈਣ ਨੂੰ ਦਿਸਿਆ, 

ਤੈਂਡੇ ਕੇਸ ਜਾਂ ਲਿਪਟਣ ਵਾ ਨੂੰ 

ਵਹਿਣ ਝਨਾਂ ਦਿਆਂ ਚੀਰਾਂ ਦੇ।(੧੪)

ਕਿਤੇ ਤਾਂ ਜੀਭ ਥਲਾਂ ਦੀ ਸੁੱਤੀ 

ਕਾਲੇ ਖੂਹ ਦੇ ਦਰ 'ਤੇ,

ਕਿਤੇ ਤਾਂ ਵਾਲ ਤੇਰੇ ਦੇ ਪਾਣੀ 

ਭਰਦੇ ਸ਼ਹੁ ਤਕਦੀਰਾਂ ਦੇ।(੧੫)

ਕਿਤੇ ਉਦਾਸ ਫਿਰੇ ਕੋਈ ਨਾਗਣ

ਕਿਤੇ ਫ਼ਕੀਰ ਬੇ-ਆਸਾ,

ਕਿਤੇ ਨੈਣ ਤੇਰੇ ਨੇ ਜ਼ਾਮਨ

ਚਿਰਾਂ ਤੋਂ ਸੁੱਤੀਆਂ ਹੀਰਾਂ ਦੇ।(੧੬)

ਤੇਰੇ ਬੋਲ ਨਾਲ ਕੋਈ ਮੁਰਸ਼ਦ 

ਰੋਹੀਆਂ 'ਚੋਂ ਸੀ ਤੁਰਿਆ,

ਤੇਰੇ ਬ੍ਰਿਛ ਹੇਠ ਕੁਝ ਹੌਕੇ

ਕਬਰੀਂ ਰੁਲੇ ਵਹੀਰਾਂ ਦੇ। (੧੭)

📝 ਸੋਧ ਲਈ ਭੇਜੋ