ਹੱਕ ਨਿਗਾਹਾਂ ਦਾ ਮਾਹੀਆ,
ਸਾਡਾ ਜ਼ੋਰ ਨਾਂਹ।(੧)
ਇੱਕੋ ਜਿੰਦੜੀ ਏ ਮਾਹੀਆ,
ਜਿੰਦੜੀ ਹੋਰ ਨਾਂਹ।(੨)
ਲੱਜ ਮਾਹੀ ਦੇ ਹੁਕਮ ਦੀ
ਵਲੀ ਦਾ ਜ਼ੋਰ ਨਾਂਹ।(੩)
ਰੂਹਾਂ ਮਹਿੰਦੀ 'ਚ ਛੁਪੀਆਂ,
ਅੱਗੇ ਤੋਰ ਨਾਂਹ।(੪)
ਥਲਾਂ ਵਲ ਜਾਂਦਾ ਤਾਂ ਜਾਣ ਦੇ
ਮੋੜੀਂ ਲੋਰ ਨਾਂਹ।(੫)
ਪੁਰਸਲਾਤ ਦੇ ਪਾਣੀ ਮਿਲਣਗੇ
ਪਾਵੀਂ ਸ਼ੋਰ ਨਾਂਹ।(੬)
ਲਸ਼ਕਰ ਬੇਨਾਮ ਸਭ ਹੋਏ
ਇਉਂ ਤਾਂ ਖੋਰ ਨਾਂਹ।(੭)
ਭਰਨ ਦੇ ਯਾਰ ਦਾ ਪਾਣੀ
ਅਸੀਂ ਕੋਈ ਚੋਰ ਨਾਂਹ।(੮)
ਧਰਤੀ ਦੀ ਮਹਿਕ ਨੂੰ ਫੜੇਗਾ
ਕਤਰਾ ਬੇ-ਜ਼ੋਰ ਨਾਂਹ।(੯)
ਬਾਗ਼ਾਂ ਦੀ ਨਾਰੀਏ, ਸਦਕੇ ਜਾਂ,
ਪੱਤਣਾਂ ਤੋਂ ਪਿਆਰੀਏ, ਸੁਣੀਂ ਖਾਂ,
ਭੁੱਲੀਂ ਦਰਿਆਵਾਂ ਦਾ ਲੋਰ ਨਾਂਹ।(੧੦)
ਹਿੱਕੋ ਦੇਸ ਝਨਾਂ ਦਾ ਮਾਹੀਆ
ਦੇਸ ਕੋਈ ਹੋਰ ਨਾਂਹ।(੧੧)