ਮੈਂ ਬੇਲਿਹਾਜ਼ ਔਰਤ ਹਾਂ
ਬੇਬਾਕੀ ਨਾਲ ਆਪਣੀ ਗੱਲ ਕਹਿਣ ਵਾਲੀ
ਜੇ ਕੋਈ ਪੁਰਸ਼ ਮੈਨੂੰ ਪਸੰਦ ਹੈ
ਤਾਂ ਅਗਾਂਹ ਵਧ ਕੇ ਖ਼ੁਦ ਕਹਾਂਗੀ
ਪਰ ਜੇ ਕੋਈ ਮੇਰੇ ਮਨ ਨੂੰ ਨਹੀਂ ਭਾਉਂਦਾ
ਉਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ
ਮੈਂ ਉਸ ਦੀ ਨਹੀਂ ਹੋ ਸਕਦੀ
ਮੇਰੇ ਲਈ ਮੇਰੀ ਮਰਜ਼ੀ
ਮੇਰੀ ਇੱਛਾ
ਜ਼ਰੂਰੀ ਹੈ
ਮੈਂ ਸਿਰਫ਼ ਰਿਸ਼ਤੇ ਨਿਭਾਉਣ ਲਈ ਰਿਸ਼ਤੇ ਨਹੀਂ ਨਿਭਾਉਂਦੀ
ਮੈਂ ਰੂਹ ਨਾਲ ਰਿਸ਼ਤੇ ਨਿਭਾਉਂਦੀ ਹਾਂ
ਜਿੱਥੇ ਮੈਨੂੰ ਲੱਗੇ
ਨੀਅਤ ਰਿਸ਼ਤਾ ਨਿਭਾਉਣ ਦੀ ਨਹੀਂ
ਮੈਂ ਪਿਛਾਂਹ ਹਟ ਜਾਂਦੀ ਹਾਂ
ਤੇਰਾ ਧੰਨ ਦੌਲਤ
ਤੇਰਾ ਰੁਤਬਾ
ਤੇਰੀ ਚਮਕਦੀ ਕਾਰ
ਤੇਰਾ ਆਲੀਸ਼ਾਨ ਘਰ
ਮੇਰੀ ਰੂਹ ਨੂੰ ਨਹੀਂ ਬੰਨ੍ਹ ਸਕਦੇ
ਮੈਨੂੰ ਚੀਜ਼ਾਂ ਦੀ ਨਹੀਂ
ਖ਼ੁਸ਼ੀ ਦੀ ਲੋੜ ਹੈ
ਅਪਣੱਤ ਚਾਹੁੰਦੀ ਹਾਂ
ਬਿਨਾਂ ਸ਼ਰਤਾਂ ਤੋਂ
ਪਿਆਰ ਕਰ ਸਕਦਾ ਹੈ
ਤਾਂ ਆ
ਸ਼ਰਤਾਂ ਤੇ ਵਪਾਰ ਹੁੰਦਾ ਹੈ
ਪਿਆਰ ਨਹੀ