ਬੇਰੰਗ ਸਾਡੇ ਪੱਤੇ ਯਾਰੋ ਉਹਦੇ ਹੱਥ ਵਿਚ ਯੱਕੇ ਨੇ ।
ਸਾਡੇ ਸਿਰ ਤੋਂ ਪੀਹ ਨਾਂ ਲੱਥੀ ਹੱਥ ਪੀਹ-ਪੀਹ ਕੇ ਥੱਕੇ ਨੇ ।
ਸੱਧਰਾਂ ਵਾਂਗ ਖਜੂਰਾਂ ਖਿਲੀਆਂ, ਪੁੰਨੂੰ ਲੱਦ ਕਚਾਵੇ ਤੁਰਿਆ,
ਹੋਰ ਕਿਸੇ ਨੇ ਬਾਂਹ ਕੀ ਫੜਣੀ ਹੰਝੂ ਵਲ-ਵਲ ਡੱਕੇ ਨੇ ।
ਸੋਚ ਵਿਚਾਰਾਂ ਸ਼ਾਮੋਂ-ਸ਼ਾਮੀ ਹੱਥੋਂ ਬੁਰਕੀ ਡਿਗਦੀ ਏ,
ਰਾਤ ਫ਼ਿਰਾਕ ਝਨਾਂ ਦੀਆਂ ਛੱਲਾਂ ਕੌਲ-ਕਰਾਰ ਵੀ ਪੱਕੇ ਨੇ ।
ਏਸ ਜੁਰਮ ਦੀ ਦੇਖੋ ਹੁਣ ਤਾਜ਼ੀਰ ਨਵੀਂ ਕੀ ਲਾਵੇਗਾ,
ਸੱਧਰਾਂ ਦੇ ਮੈਂ ਘੁੱਟ ਭਰੇ ਸਨ ਉੱਤੋਂ ਮਾਰੇ ਫੱਕੇ ਨੇ ।
ਰਾਤ-ਬਰਾਤੇ ਸੰਨ੍ਹਾਂ ਲਾਈਆਂ ਚੋਰਾਂ ਦੇ ਫ਼ਰਮਾਨਾਂ ਤੇ,
ਚੋਰ ਉਚੱਕੇ ਘਰ ਵਿਚ ਬੈਠੇ ਬੱਚੇ ਬਾਹਰ ਧੱਕੇ ਨੇ ।