ਬੇਸ਼ਕ ਹੈਨ ਹਜ਼ਾਰ ਬਲਾਵਾਂ ਦੁਨੀਆ ਵਿਚ

ਬੇਸ਼ਕ ਹੈਨ ਹਜ਼ਾਰ ਬਲਾਵਾਂ ਦੁਨੀਆ ਵਿਚ

ਆਵਾਂ, ਜਾਵਾਂ, ਜਾ ਕੇ ਆਵਾਂ ਦੁਨੀਆ ਵਿਚ

ਕਿਉਂ ਦਿਲ ਛੱਡਾਂ ਕਿਉਂ ਘਬਰਾਵਾਂ ਦੁਨੀਆ ਵਿਚ

ਰੋਣ ਮਿਲੇ ਤਾਂ ਵੀ ਮੁਸਕਾਵਾਂ ਦੁਨੀਆ ਵਿਚ

ਬੰਦਿਆਂ ਨਾਲ ਭਰੀ ਹੈ ਦੁਨੀਆ ਨੱਕੋ-ਨੱਕ,

ਪਰ ਹੈ ਬੰਦਾ ਟਾਵਾਂ ਟਾਵਾਂ ਦੁਨੀਆ ਵਿਚ

ਜ਼ੁਲਫ਼ ਘਟਾਵਾਂ ਵੇਖਾਂ ਜਾਂ ਦੁਖੀਆਂ ਦੇ ਨੈਣ,

ਕਿੰਨੀਆਂ ਨੇ ਦਿਲ ਸੋਜ਼ ਘਟਾਵਾਂ ਦੁਨੀਆ ਵਿਚ

ਪੰਡਤ, ਭਾਈ ਆਪ ਗੁਆਚੇ ਫਿਰਦੇ ਨੇ,

ਦੱਸੇ ਕੌਣ ਤੇਰਾ ਸਿਰਨਾਵਾਂ ਦੁਨੀਆ ਵਿਚ

ਮੇਰੇ ਸਿਰ 'ਤੇ ਛਾਂ ਹੈ ਤੇਰੀ ਰਹਿਮਤ ਦੀ,

ਫ਼ਾਨੀ ਧੁੱਪਾਂ, ਫ਼ਾਨੀ ਛਾਵਾਂ ਦੁਨੀਆ ਵਿਚ

ਝੋਲੀ ਚੁੱਕਾਂ ਨੂੰ ਚੁੱਕ ਰੱਬਾ ਧਰਤੀ ਤੋਂ,

ਬੇਸ਼ਕ ਲੱਖਾਂ ਭੇਜ ਬਲਾਵਾਂ ਦੁਨੀਆ ਵਿਚ

ਓਟ ਪਰਾਈ ਲੈ ਕੇ ਰਾਹ ਵਿਚ ਅਟਕੀਂ ਨਾ,

ਬੇਸ਼ਕ ਝੁੱਲਣ ਤੇਜ਼ ਹਵਾਵਾਂ ਦੁਨੀਆ ਵਿਚ

ਹਰ ਇਕ ਮੈਥੋਂ ਈਨ-ਮਨਾਉਈ ਚਾਹੁੰਦਾ ਹੈ,

ਕਿਸ ਕਿਸ ਨੂੰ ਮੈਂ ਸੀਸ ਝੁਕਾਵਾਂ ਦੁਨੀਆ ਵਿਚ

ਰੋਈਆਂ ਨੇ ਗ਼ਮਗੀਨ ਘਟਾਵਾਂ ਦੁਨੀਆ 'ਤੇ,

ਝੁੱਲੀਆਂ ਨੇ ਦਿਲ ਸੋਜ਼ ਹਵਾਵਾਂ ਦੁਨੀਆ ਵਿਚ

ਯਾਰ ਮੇਰੇ ਦਾ ਘਰ ਹੈ 'ਉਲਫ਼ਤ' ਇਹ ਦੁਨੀਆ,

ਕਿਉਂ ਨਾਂ ਮੁੜ ਮੁੜ ਫੇਰੇ ਪਾਵਾਂ ਦੁਨੀਆ ਵਿਚ

📝 ਸੋਧ ਲਈ ਭੇਜੋ