ਪਿਆਰੀ ਬੇਟੀ
ਇਸ ਤੋਂ ਪਹਿਲਾਂ
ਕਿ ਪਿੱਤਰਾਂ ਦੀ ਏਸ
ਪਾਵਨ ਧਰਤੀ ਬਾਰੇ
ਇਹਦੇ ਇਤਿਹਾਸ ਬਾਰੇ
ਇਹਦੇ ਮੱਥੇ 'ਤੇ ਪਈਆਂ
ਤਿਊੜੀਆਂ ਬਾਰੇ
ਤੂੰ,
ਮੈਥੋਂ ਕੁੱਝ ਪੁੱਛ ਲਵੇਂ
ਜਿਸ ਦੀ ਵਿਰਾਸਤ 'ਤੇ
ਮੈਨੂੰ ਬੜਾ ਮਾਣ ਹੈ
ਜਿਹਦੇ ਸਤਿਕਾਰ ਵਿੱਚ
ਝੁੱਕ ਜਾਂਦਾ ਹੈ
ਸਾਡਾ ਸਿਰ ਖੁਦਬਖ਼ੁਦ ।
ਮੈਂ ਤੈਨੂੰ ਕੁਝ ਆਖਣਾ ਹੈ ।
ਇਸ ਤੋਂ ਪਹਿਲਾਂ
ਕਿ ਨਿਗਲ ਜਾਵੇ
ਸਮੇਂ ਦਾ ਦਿਓ
ਤੇਰੀ ਮਾਸੂਮੀਅਤ
ਤੇ ਗੁਆਚ ਜਾਣ
ਤੇਰੇ ਤੋਤਲੇ ਜਿਹੇ ਬੋਲ
ਏਸ ਗੁਰਦ-ਗੁਬਾਰ ਵਿਚ ।
ਇਸ ਤੋਂ ਪਹਿਲਾਂ
ਤੂੰ ਜਾਣ ਜਾਵੇਂ
ਜ਼ਾਤ ਮਜ਼ਹਬ ਦੀ ਪਰਿਭਾਸ਼ਾ
ਤੇ ਉੱਗ ਆਉਣ
ਤੇਰੇ ਮਸਤਕ 'ਤੇ
ਇੰਨ੍ਹਾਂ ਨਾਲ ਜੁੜੇ ਹੋਏ
ਅਨੇਕਾਂ ਹੀ ਪ੍ਰਸ਼ਨ
ਪਿਆਰੀ ਬੇਟੀ,
ਤੂੰ,
ਹਰਗਿਜ਼ ਵਿਸ਼ਵਾਸ਼ ਨਾ ਕਰੀਂ
ਰਚੇ ਜਾ ਰਹੇ ਉਸ ਇਤਿਹਾਸ 'ਤੇ
ਜਿਸ ਚੋਂ ਅੱਜ ਅਸੀਂ
ਰੀਂਗਦੇ ਹੋਏ ਲੰਘ ਰਹੇ ਹਾਂ
ਸਮੇਂ ਦਾ ਸੱਚ ਤੇ
ਕੁਝ ਹੋਰ ਹੈ ਮੇਰੀ ਬੱਚੀ
ਜਿਸ ਨੂੰ ਤੂੰ ਅਜੇ
ਸਮਝ ਹੀ ਨਹੀਂ ਸਕੇਂਗੀ
ਇਹ ਸਾਡੇ
ਵਲੂੰਧਰੇ ਹੋਏ ਚਿਹਰੇ
ਆਪਣੀਆਂ ਹੀ ਨਾਹੁੰਦਰਾਂ ਦੀ ਬਦੌਲਤ ਹਨ
ਤੂੰ ਸਾਡਾ ਮੂੰਹ ਕਿਉਂ ਖਰੋਂਚਦੀ ਏਂ
ਅਸੀਂ ਬਾਂਦਰ ਤੋਂ ਨਹੀਂ...
ਬੰਦੇ ਤੋਂ ਬਾਂਦਰ ਬਣੇ ਜਾਪਦੇ ਹਾਂ
ਸਾਡੀਆਂ ਦੇਹਾਂ ਅੰਦਰ
ਦਫ਼ਨ ਹੋ ਚੁੱਕੀ ਹੈ ਇਨਸਾਨੀਅਤ
ਜਦੋਂ,
ਆਵਾ ਹੀ ਊਤ ਜਾਵੇ
ਮੇਰੀ ਬੱਚੀ
ਉਦੋਂ
ਅਕਲ ਦੀ ਗੱਲ
ਸੋਚਣੀ ਜਾਂ ਕਹਿਣੀ
ਬੇਅਕਲੀ ਹੁੰਦੀ ਐ
ਇਸੇ ਕਾਰਣ
ਅਸੀਂ ਖਾਮੋਸ਼ ਹਾਂ
ਵਿਹੰਦਿਆਂ ਹੀ ਵਿਹੰਦਿਆਂ ਭੁੱਲ ਗਏ ਹਾਂ
ਪਿਆਰ ਦੀ ਮੁਹਾਰਨੀ
ਮੁਹੱਬਤ ਤੇ ਖ਼ਲੂਸ ਦੀ ਇਬਾਰਤ
ਜਿਹੜੀ ਸਾਨੂੰ
ਪਿੱਤਰਾਂ ਨੇ ਸਿਖਾਈ ਸੀ
ਪਿੱਤਰਾਂ ਦੀ ਇਹ ਪਾਵਨ ਧਰਤ
ਹੁਣ ਮਹਿਜ਼
ਇਕ ਮੰਡੀ ਹੈ
ਜਿਥੇ ਹਰ ਸ਼ੈਅ ਵਿੱਕਦੀ ਹੈ
ਬੰਦਾ ਵਿੱਕਦਾ ਹੈ
ਬੰਦਗੀ ਵਿੱਕਦੀ ਹੈ
ਈਮਾਨ ਵਿੱਕਦਾ ਹੈ
ਟੁੱਕੜਾ-ਟੁੱਕੜਾ ਹੋਇਆ ਰੱਬ ਵਿਕਦਾ ਹੈ
ਕਿਸੇ ਕੋਲ ਰੱਬ ਦੀਆਂ ਜੜਾਵਾਂ
ਕਿਸੇ ਕੋਲ ਰੱਬ ਦੀ ਖੜਾਵਾਂ
ਪਿਆਰੀ ਬੱਚੀ
ਪਹਿਲਾਂ ਏਦਾਂ ਕੁਝ ਵੀ ਨਹੀਂ ਸੀ ।