ਭਾਲ ਤੇਰੀ ਵਿਚ ਉਡ ਚੱਲੀਆਂ ਸਨ

ਭਾਲ ਤੇਰੀ ਵਿਚ ਉਡ ਚੱਲੀਆਂ ਸਨ ਮਰ ਕੇ ਫੜੀਆਂ ਯਾਦਾਂ

ਫਿਰ ਪਲਕਾਂ ਦੀ ਵਿਲਕਣ ਅੰਦਰ ਮੁਸ਼ਕਿਲ ਤੜੀਆਂ ਯਾਦਾਂ

ਤੇਰੇ ਨਾਲ ਤੇ ਘੁੰਮ ਲੈਂਦੇ ਸਾਂ ਸ਼ਹਿਰ ਦੀਆਂ ਸਭ ਸੜਕਾਂ,

ਹੁਣ ਤੇ ਪੈਰ ਨਾ ਪੁੱਟਣ ਦੇਵਣ ਬੂਹੇ ਖੜ੍ਹੀਆਂ ਯਾਦਾਂ

ਡਾਇਰੀ ਦੇ ਦੋ ਭਿੱਜੇ ਵਰਕੇ ਬੱਲਬ ਨਾਲ ਸੁਖਾਵਾਂ,

ਅੱਖੀਆਂ ਚੋਂ ਸੋਮੇਂ ਫੁੱਟੇ ਸੀ ਜਿਸ ਦਮ ਪੜ੍ਹੀਆਂ ਯਾਦਾਂ

ਉਹਦੀ ਯਾਦ ਹੁਣ ਜੀਣ ਨਾ ਦੇਵੇ ਸੂਲੀ ਟੰਗੀ ਰੱਖੇ,

ਉਂਜ ਤੇ ਆਲ-ਦੁਆਲੇ ਮੇਰੇ ਰਹਿੰਦੀਆਂ ਬੜੀਆਂ ਯਾਦਾਂ

ਵੇਲੇ ਸਿਰ ਜੇ ਭੁੱਲ ਜਾਂਦਾ ਤੇ 'ਆਤਿਫ਼' ਚੰਗਾ ਰਹਿੰਦਾ,

ਹੁਣ ਤੇ ਜ਼ਿੱਦੀ ਬਾਲ ਦੇ ਵਾਂਗੂੰ ਭੂਏ ਚੜ੍ਹੀਆਂ ਯਾਦਾਂ

📝 ਸੋਧ ਲਈ ਭੇਜੋ