ਕਿਸੇ ਕਿਹਾ ਮੁਸਲਮਾਨ ਸੀ
ਕਿਸੇ ਕਿਹਾ ਜਸੂਸ ਸੀ ।
ਮੈਂ ਜੋ ਕੁਝ ਦੇਖਿਆ
ਸੱਤਰੀ-ਬਹੱਤਰੀ
ਚਿਹਰਾ ਝੁਰੜਾਇਆ ਉਹਦਾ
ਕਾਲਾ ਨਾ ਵਾਲ ਕੋਈ
ਘਰ ਉਸ ਦੇ ਕੀ ਸੀ?
ਜਾਂ ਤਾਂ ਇੱਕ ਪਾਸ ਸੀ
ਭਾਰਤ 'ਚ ਆਉਣ ਦਾ
ਜਾਂ ਕੁੱਝ ਸ਼ੀਸ਼ੀਆਂ
ਕਾਲੀਆਂ ਤੇ ਪੀਲੀਆਂ
ਜਾ ਇੱਕ ਪਿੰਜਰ
ਬੱਚੜੇ ਦੀ ਏਹ ਦਾ
ਫਟਾ-ਫਟ ਆਣ ਜੁੜੀ
ਭੀੜ ਉਥੇ ਸ਼ਹਿਰ ਦੀ
ਸਾਰੇ ਹੀ 'ਭਾਰਤੀ'
ਬੱਸ ਕੇਵਲ 'ਭਾਰਤੀ'
ਭਾਰਤ ਜੇ ਲੇਲਾ ਹੋਵੇ
ਫਿਰ ਵੀ ਉਹ ਭਾਰਤੀ
ਭਾਰਤ ਬਘਿਆੜ ਹੋਵੇ
ਫਿਰ ਵੀ ਉਹ ਭਾਰਤੀ
ਭਾਰਤੀ ਦਿਮਾਗਾਂ ਨੇ
ਪਾਸ ਨੂੰ ਵੇਖਿਆ
ਸ਼ੀਸ਼ੀਆਂ ਨੂੰ ਵੇਖਿਆ
ਉਸ ਬੁੱਢੀ ਕੋਲੋਂ ਮਿਲੇ
ਪਿੰਜਰ ਨੂੰ ਵੇਖਿਆ
ਉਸ ਦਾ ਪਾਕਿ-ਹਿੰਦ ਪਾਸ ਸੀ
ਉਹ ਇਸ ਲਈ ਜਸੂਸ ਸੀ
ਉਹ ਕੋਈ ਮੁਸਲਮਾਨ ਸੀ
ਇਸ ਲਈ ਜਸੂਸ ਸੀ
ਸ਼ੀਸ਼ੀਆਂ 'ਚ ਜੋ ਸੀ
ਉਹ ਵੀ ਕੋਈ ਜ਼ਹਿਰ ਹੋਊ
ਇਸ ਲਈ ਜਸੂਸ ਸੀ
ਉਹ ਪਾਸ ਪਿੰਜਰ ਸੀ
ਇਸ ਲਈ ਜਸੂਸ ਸੀ
ਬਸ ਫਿਰ ਕੀ ਸੀ
ਠੁੱਡਾਂ ਦੀ ਮਾਰ ਸੀ
ਬੂਟਾਂ ਦੀ ਲਤਾੜ ਸੀ
ਗਾਲ੍ਹੀ ਗਲੋਚ ਸੀ
ਖਿੱਚ ਧੂ ਘਸੀਟ ਸੀ
ਮੇਰੇ ਦੇਂਹਦੇ ਬੁੱਢੀ ਉਹ
ਲੋਥ ਸੀ, ਨਿਰਜਾਨ ਸੀ
ਨਾ ਕਿਸੇ ਮੂੰਹ ਤੇ ਸੋਗ ਸੀ
ਨਾ ਮੌਤ ਦਾ ਕੋਈ ਚਿੰਨ੍ਹ ਸੀ
ਕੀਹਦੀ ਦਾਦੀ ਮਰੀ ਹੈ
ਕਿਸੇ ਵੀ ਨਾ ਪੁੱਛਿਆ
ਕੀਹਦੀ ਨਾਨੀ ਮਰੀ ਏ
ਕਿਸੇ ਵੀ ਨਾ ਪੁੱਛਿਆ
ਇੱਕ ਦਿਨ ਬੀਤਿਆ
ਬਜ਼ਾਰਾਂ 'ਚ ਸੁਣਿਆ
ਅਖ਼ਬਾਰਾਂ 'ਚ ਪੜ੍ਹਿਆ
ਜਸੂਸ ਨੂੰ ਹੈ ਫੜ੍ਹਿਆ
ਪਾਕਿ ਤੋਂ ਉਹ ਆਈ ਸੀ
ਜ਼ਹਿਰ ਉਹਦੇ ਕੋਲ਼ ਸੀ
ਵਾਇਰਲੈੱਸ ਨਾਲ਼ ਸੀ
ਨਾਲ਼ੇ ਹਥਿਆਰ ਸੀ
ਜਦੋਂ ਉਸ ਨੂੰ ਫੜਿਆ
ਉਹ ਜ਼ਹਿਰ ਖਾ ਕੇ ਮਰ ਗਈ ।
ਬੁੱਢੀ ਦਾ ਤੇ ਸ਼ੀਸ਼ੀਆ ਦਾ
ਡਾਕਟਰੀ ਮੁਆਇਨਾ ਹੋਇਆ
ਮੁਆਇਨਾ ਵੀ ਭਾਰਤੀ
ਭਾਰਤੀ ਮੁਆਇਨੇ ਵਿੱਚ
ਠੁੱਡਾਂ ਦੀ ਨਾ ਗੱਲ ਸੀ
ਨਾ ਰਗੜਾਂ ਦੀ ਗੱਲ ਸੀ
ਬਸ, ਸ਼ੀਸ਼ੀਆਂ 'ਚ ਜ਼ਹਿਰ ਸੀ
ਉਹ ਜ਼ਹਿਰ ਖਾਕੇ ਮਰੀ ਸੀ ।
ਹਰ ਸੱਚੇ ਭਾਰਤ ਨੇ
ਸੁਣਿਆ ਤੇ ਮੰਨਿਆਂ
ਜਿਨ੍ਹਾਂ ਅੱਖਾਂ ਵੇਖਿਆਂ
ਉਹਨਾਂ ਨੇ ਵੀ ਮੰਨਿਆਂ
ਹੋਰ ਦਿਨ ਬੀਤਿਆ
ਬੁੱਢੀਆਂ ਦੇ ਪਰ੍ਹੇ ਵਿੱਚ
ਗੱਲ ਉਹਦੀ ਤੁਰ ਪਈ
ਕਿਸੇ ਬੁੱਢੀ ਦੱਸਿਆ
ਜੋ ਪੁਰਾਣੀ ਜਾਣਕਾਰ ਸੀ
'ਉਹ ਤੀਵੀਆਂ ਦੀ ਵੈਦ ਸੀ'
ਦਵਾਈਆਂ ਉਹਦੇ ਪਾਸ ਸੀ
ਇੱਕ ਉਸਦਾ ਪੁੱਤ ਸੀ
ਜੋ ਚਿਰ ਪਹਿਲੋਂ ਮੋਇਆ ਸੀ
ਉਸਦਾ ਪਿੰਜਰ ਉਹਨੇ
ਯਾਦ ਵਜੋਂ ਸਾਂਭ ਕੇ
ਰੱਖ ਲਿਆ ਕੋਲ਼ ਸੀ
ਉਹ ਕੁਲ ਦਾ ਨਿਸ਼ਾਨ ਸੀ
ਤੇ ਕੁੱਖ ਦੀ ਵੀ ਅੱਗ ਸੀ ।
ਮੈਨੂੰ ਇੰਝ ਜਾਪਿਆ
ਬੁੱਢੀਆਂ ਉਹ ਕਹਿਣ ਜਿਵੇਂ
ਅਸੀਂ ਨਹੀਂਓ ਭਾਰਤੀ
ਮੇਰੀਆਂ ਇਹ ਅੱਖਾਂ
ਜਿਨ੍ਹਾਂ ਸਭ ਕੁੱਝ ਵੇਖਿਆ
ਹਕੀਕਤ ਨੂੰ ਸੁਣਿਆ
ਫਿਰ ਵੀ ਨਾਂ ਚੋਈਆਂ
ਤੇ ਬਣ ਰਹੀਆਂ 'ਭਾਰਤੀ' ।