ਭਾਵੇਂ ਉਹਦੇ ਮਗਰੋਂ ਸਾਡਾ, ਕਿੰਨਾ ਮੰਦਾ ਹਾਲ ਰਿਹਾ

ਭਾਵੇਂ ਉਹਦੇ ਮਗਰੋਂ ਸਾਡਾ, ਕਿੰਨਾ ਮੰਦਾ ਹਾਲ ਰਿਹਾ

ਪਰ ਇਹ ਹਸਰਤ ਤੇ ਨਹੀਂ ਕੋਈ, ਦੋ ਦਿਨ ਵੀ ਨਾ ਨਾਲ ਰਿਹਾ

ਜਦ ਵੀ ਕੋਈ ਵਿਛੜਣ ਵਾਲਾ, ਯਾਦ ਆਏ ਤੇ ਮੰਗੋ ਖ਼ੈਰ,

ਇਹ ਨਾ ਸੋਚੋ ਸਾਡੇ ਨਾਲ ਉਹ, ਘੜੀ ਰਿਹਾ ਕਿ ਸਾਲ ਰਿਹਾ

ਜੀਹਨੇਂ ਪਿਆਰ ਦਾ ਕੋਈ ਬੂਟਾ, ਧਰਤੀ ਉੱਤੇ ਲਾਇਆ ਨਹੀਂ,

ਦੌਲਤ ਵਾਲਾ ਹੋ ਕੇ ਵੀ ਉਹ, ਮੈਂ ਕਹਿਣਾ ਕੰਗਾਲ ਰਿਹਾ

ਹੋਰਾਂ ਲਈ ਆਜ਼ਾਦੀ ਦੀ ਗੱਲ, ਕਿਹੜੇ ਮੂੰਹ ਨਾਲ ਕਰਦਾ ਸੀ,

ਜਿਹੜਾ ਆਪਣੇ ਘਰਦਿਆਂ ਉੱਤੇ, ਨਿੱਤ ਵਿਛਾਉਂਦਾ ਜਾਲ ਰਿਹਾ

ਉਹ ਜੇ ਡੁੱਬ ਕੇ ਬਣੀ ਨਾ ਸੋਹਣੀ, ਉਹਨੂੰ ਮਿਹਣਾ ਦਈਏ ਕਿਉਂ,

ਇਸ਼ਕੇ ਦੇ ਦਰਿਆ ਵਿਚ'ਆਤਿਫ਼', ਤੂੰ ਵੀ ਕਦ ਮਹੀਵਾਲ ਰਿਹਾ

📝 ਸੋਧ ਲਈ ਭੇਜੋ