ਭਗਤ ਸਿੰਘ ਦੇ ਅੰਗਿਆਰਾਂ ਕੋਲ

ਧੂੰਏ ਪਸਰੇ ਅਰਸ਼ ਤੇ, ਦਮ ਘੁੱਟਦੀ ਰੈਣ 

ਸਤਲੁੱਜ-ਲਹਿਰਾਂ ਉਠਦੀਆਂ, ਜਿਉਂ ਹਿਚਕੀ-ਬਦਲੇ ਵੈਣ।

ਜਾਣ ਵਗਦਿਆਂ ਪਾਣੀਆਂ, ਲਹਿਰਾਂ ਖੜੀਆਂ ਹੋ 

ਜਿਉਂ ਪ੍ਰੀਤਮ ਦੀ ਭਾਲ ਵਿਚ, ਕੁਈ ਤੁਰਦੀ ਜਾਏ ਖਲੋ।

ਸੂਰਜ ਪੱਛਮੀ ਬਿਸਤਰੇ, ਤੇ ਸੀ ਸੁੱਤਾ ਜਾ 

ਖ਼ਾਬ ਉਹਦੇ ਦਾ ਰੂਪ ਸੀ, ਰਾਤ ਇਹ ਕਾਲੀ ਸ਼ਾਹ।

ਸੱਪਾਂ ਲਾਈਆਂ ਮਹਿਫ਼ਲਾਂ, ਘਾਹਵਾਂ ਤੇ ਰਹੇ ਰੀਂਘ 

ਡਰ ਨਾ' ਸੂਰਜ ਨੂੰ ਵੀ, ਚੜ੍ਹੀ ਨਾਂਹ ਗੂੜ੍ਹੀ ਨੀਂਦ।

ਮੇਲਾ ਲਾਇਆ ਤਾਰਿਆਂ, ਨਾਂਹ ਸਕਿਆ ਚੰਨ 

ਸਾਜ਼ਿਸ਼ ਕਰਕੇ ਰਾਤ ਨੇ, ਗੁਫ਼ਾ 'ਚ ਸੁੱਟਿਆ ਬੰਨ੍ਹ।

ਕੰਢਿਆਂ ਉੱਤੇ ਪਈ ਸੀ, ਦੋ ਮੁੱਠੀਆਂ ਬਸ ਰਾਖ਼ 

ਜਿਸ ਤੇ ਚੌੜੇ ਅਰਸ਼ ਰਹੇ, ਚੁਪ ਚੁਪੀਤੇ ਝਾਕ।

ਸੜ ਗਈ ਉਸ ਦੇ ਬੁੱਤ ਨਾ', ਸੋਹਣੀ ਜਹੀ ਉਮੰਗ 

ਹਰਾ-ਭਰਾ ਕੋਈ ਬ੍ਰਿਛ ਜਿਉਂ, ਸੜਦਾ ਪੰਛੀ ਸੰਗ।

ਅੱਜ ਅਕਾਸ਼ ਪੰਜਾਬ ਦੇ, ਖਾਰੇ ਗਏ ਨੇ ਹੋ 

ਮੰਗਣ ਕਲੀਆਂ ਨਾਜ਼ਕਾਂ, ਫ਼ੌਲਾਦ ਪੰਘਰਿਆ ਰੋ।

ਕਿਵੇਂ ਫ਼ੌਲਾਦੀ ਦਿਲਾਂ ਦਾ, ਪੰਘਰ ਕੇ ਬਣਿਆਂ ਨੀਰ 

ਚੁੱਕੀ ਫਿਰਸੀ ਅਰਸ਼ ਵਿਚ, ਨਾਜ਼ਕ ਜਹੀ ਸਮੀਰ ?

- - - - - -

- - - - - -

ਕਫ਼ਨ ਧਰ ਤੇ ਪਸਰਿਆ, ਤਾਰੇ ਗਏ ਕੁਮਲਾ। 

ਲੰਙ ਮਾਰਦਾ ਅਰਸ਼ ਵਿਚ, ਚੰਨਾ ਵੀ ਗਿਆ ਆ। 

ਤੱਕਣ ਲਈ ਮਹਿਬੂਬ ਨੂੰ, ਤਿੱਖੀ ਹੋ ਗਈ ਅੱਖ 

ਰਾਖ਼ ਵੇਖਕੇ ਚੰਨ ਨੂੰ, ਕਿਵੇਂ ਆਵੇਗਾ ਸੱਚ ?

📝 ਸੋਧ ਲਈ ਭੇਜੋ