ਭਗਤੀ ਕਰਾਂ ਤਾਂ
ਤੇਰੀ ਮੁਹੱਬਤ ਦੀ ਹੋਵੇ
ਸਿਮਰਨ ਕਰਾਂ ਤਾਂ
ਤੇਰੇ ਹੀ ਨਾਂ ਦਾ
ਤੈਨੂੰ ਯਾਦ ਕਰਾਂ
ਜਿਵੇਂ ਬੱਚੇ ਦੇ ਮਨ ਵਿਚ
ਸਦਾ ਖਿਲੌਣੇ ਦੀ ਰੀਝ ਰਹਿੰਦੀ ਹੈ
ਉੱਡਾਂ ਕਿ ਖੰਭਾਂ ਦੀਆਂ ਜੱਫੀਆਂ 'ਚ
ਤੇਰਾ ਗੋਰਾ ਨਰਮ ਗਰਮ ਜਿਸਮ ਹੋਵੇ
ਸਾਹ ਲਵਾਂ
ਤਾਂ ਹਰ ਸਾਹ ਚੁੰਮਣਾਂ ਵਰਗਾ
ਅਗਾਂਹ ਉਡਾਰੀ ਭਰੀਏ
ਤਾਂ ਆਪਣੀਆਂ ਪੁਰਾਣੀਆਂ
ਮਿਲਣ ਖੇਡਣ ਵਾਲੀਆਂ ਥਾਵਾਂ ਤੇ ਮੰਡਰਾਈਏ
ਜੇ ਮੰਜ਼ਿਲ ਆਵੇ
ਤਾਂ ਵੰਗਾਂ ਲੱਦੀ ਟਹਿਣੀ ਤੇ ਬੈਠੀਏ
ਜੇ ਪਿਆਸ ਲੱਗੇ
ਤਾਂ ਇਕੱਠੇ ਸ਼ਰਬਤੀ ਝੀਲ 'ਚੋਂ
ਇਕ ਦੂਸਰੇ ਦੇ ਮੂੰਹ 'ਚ ਇਸ਼ਕ ਨੀਰ ਦੀਆਂ
ਚੁੰਝਾਂ ਪਾਈਏ
ਤੇ ਫਿਰ ਅੰਬਰ 'ਚ ਇਕ ਉਡਾਰੀ ਲਾ ਕੇ ਆਈਏ
ਭੁੱਖ ਲੱਗੇ ਤਾਂ
ਤਾਰੇ ਚੁਗੀਏ
ਨੀਂਦ ਆਵੇ ਤਾਂ
ਇਕੱਠੇ ਚਾਨਣ ਚਾਦਰ ਵਿਛਾ
ਨੀਲਾ ਅਰਸ਼ ਓੜ ਸੌਂ ਜਾਈਏ
ਸੁਪਨੇ ਮਾਣੀਏ
ਤਾਂ ਸੱਤਰੰਗੀ ਪੀਂਘ ਵਰਗੇ
ਕਰਵਟਾਂ ਹੋਣ ਤਾਂ ਇਕਸਾਰ ਕਿਰਨ
ਮਹਿਕਾਂ ਖਿੱਲਰਨ ਤਾਂ
ਤੇਰੇ ਬਦਨ 'ਚੋਂ ਇੱਤਰ ਸਿੰਮਣ ਵਰਗੀਆਂ
ਕਿਣਮਿਣ ਹੋਵੇ ਤਾਂ
ਤੇਰੇ ਹਾਸਿਆਂ ਵਰਗੀ
ਰੰਗ ਹੋਣ ਤਾਂ ਤੇਰੇ ਦੁਪੱਟੇ ਵਰਗੇ
ਪੱਤਝੜ ਆਵੇ
ਤਾਂ ਤੇਰੇ ਲਾਰਿਆਂ ਤੇ ਹੀ ਆਵੇ
ਸਰਘੀ ਉੱਗੇ ਤਾਂ
ਤੇਰੀਆਂ ਲਾਲ ਸੂਹੇ ਬੁੱਲ੍ਹਾਂ ਗੱਲ੍ਹਾਂ 'ਚੋਂ
ਘਟਾਵਾਂ ਬਰਸਣ ਤਾਂ
ਤੇਰੇ ਕਾਲੇ ਵਾਲਾਂ 'ਚੋਂ
ਝਰਨੇ ਫੁੱਟਣ ਤਾਂ
ਭਰਵੀਂ ਹਿੱਕ ਡੁੱਲ੍ਹੇ
ਸ਼ਿੰਗਾਰ ਕਰੇਂ
ਤਾਂ ਲੱਖ ਸ਼ੀਸ਼ੇ ਤਿੜਕਣ
ਪੱਬ ਪੁੱਟੇਂ ਤਾਂ ਗ਼ਰੀਬਣੀ ਧਰਤ ਕੰਬੇ
ਧਮਾਲਾਂ ਪਾਵੇਂ ਤਾਂ ਗੱਭਰੂ ਸਾਹ ਰੋਕਣ