ਭਲੇ ਚੁਫ਼ੇਰੇ ਭੀੜ ਚੋਖੇਰੀ, ਇਨਸਾਨਾਂ ਦਾ ਕਾਲ ਨੀ ਮਾਏ ।
ਮਨ ਦੇ ਸ਼ੀਸ਼ ਮਹਿਲ ਵਿਚ ਲਟਕਣ ਜਾਲੇ ਪਾਲੋ ਪਾਲ ਨੀ ਮਾਏ ।
ਭੁੱਖ ਫਨੀਅਰ ਦੇ ਡੰਗੇ ਮਾਪੇ, ਚੁੱਪ-ਚੁਪੀਤੇ ਕਬਰੀਂ ਲਹਿ ਗਏ,
ਤੁੱਰ ਗਏ ਛੱਡ ਵਿਲਕਦੇ ਰੋਂਦੇ, ਨਿੱਕੇ ਨਿੱਕੇ ਬਾਲ ਨੀ ਮਾਏ ।
ਕੋਈ ਤਾਂ ਡਲਕਾਂ ਮਾਰਦਾ ਸੰਝ ਵੀ, ਤੇਰੀ ਗੁਦੜੀ ਵਿੱਚੋਂ ਨਿਕਲੇ,
ਲੈ ਕੇ ਹੱਥੀਂ ਚੰਦ ਅਨੋਖਾ ਤੂੰ ਵੀ ਕਦੀ ਉਛਾਲ ਨੀ ਮਾਏ ।
ਤੂੰ ਗੁਣਵੰਤੀ ਅਣਖੀ ਸੋਹਣੀ, ਡਾਢੇ ਮਿੱਠੜੇ ਬੋਲ ਨੇ ਤੇਰੇ,
ਸਮਝ ਨਾ ਆਵੇ ਐਡੀ ਕੋਝੀ, ਸਾਨੂੰ ਤੇਰੀ ਚਾਲ ਨੀ ਮਾਏ ।
ਕਿਸੇ ਨਾ ਪਾਲੀ ਸਾਂਝ ਦੁਖਾਂ ਦੀ, ਕਿਸੇ ਨਾ ਦਰਦ ਹੰਢਾਇਆ,
ਆਪੇ ਸੇਕੀ ਬੈਠ ਅਸਾਂ ਤੇ, ਹੱਡਾਂ ਦੀ ਅੱਗ ਬਾਲ ਨੀ ਮਾਏ ।