ਬੰਦ ਦਰਵਾਜ਼ੇ ਅੰਦਰ
ਮੇਰਾ ਦਮ ਘੁਟਦਾ ਹੈ
ਝੋਕਾ ਹਵਾ ਦਾ ਨਾ ਨਸੀਬ ਹੋਵੇ
ਗਠੜੀ ਦੁੱਖਾਂ ਦੀ ਖੋਲ੍ਹਾਂ ਹਨੇਰਿਆਂ ਅੰਦਰ
ਪੀੜ ਜਜ਼ਬਿਆਂ ਦੀ ਕਦੀ ਨਾ ਇਕ ਸਾਰ ਹੋਵੇ
ਹਰ ਗਲੀ ਦੇ ਮੋੜ ਉੱਤੇ
ਹਰ ਸ਼ਹਿਰ ਦੇ ਘਰ ਉੱਤੇ
ਗੋਲੀਆਂ ਦੇ ਸੱਜਰੇ ਘਾਉ ਲੱਗੇ
ਸਿੰਮਦਾ ਪਿਆ ਹੈ ਜ਼ਖਮਾਂ 'ਚੋਂ ਖ਼ੂਨ
ਫੇਰ ਵੀ ਬਰਬਰੀਅਤ ਨਾਚ-ਨੱਚੀ ਜਾਵੇ
ਹੋਲੀ ਲਹੂ ਦੀ ਖੇਡਣੋਂ ਨਹੀਂ ਡਰਦੇ
ਆਤਿਸ਼ਬਾਜ਼ੀ ਬੇਰਹਿਮੀ ਦੀ ਚੱਲੀ ਜਾਵੇ
ਥਾਂ-ਥਾਂ ਲਾਸ਼ਾਂ ਦੇ ਢੇਰ ਲੱਗ ਗਏ
ਬੱਚੇ, ਬੁੱਢੇ, ਜਵਾਨ ਦੀ ਨਾ ਪਹਿਚਾਣ ਹੋਵੇ
ਮੱਲ ਲਏ ਪਾਰਕ ਤੇ ਫੁੱਟ ਪਾਥ ਲੋਕਾਂ ਹੁਣ
ਮਈਅਤ ਨੂੰ ਦਫ਼ਨਾਉਣ ਲਈ
ਕਬਰਸਤਾਨ 'ਚ ਕੋਈ ਥਾਂ ਨਹੀਂ
ਕਿਸ ਚੰਦਰੀ ਘੜੀ ਦੀ ਹੋਈ ਬਖਸ਼ਿਸ਼
ਤ੍ਰਿਸ਼ਨਾ, ਅੱਗ ਦੀ ਖੇਡ ਬਣੀ ਹੈ
ਤਾਂਡਵ ਸ਼ਿਵ ਵਾਲਾ ਹਰ ਕੋਈ ਨਾ ਖੇਡ ਸਕੇ
ਪਰ ਫੇਰ ਵੀ ਚੰਗਿਆੜਿਆਂ ਦਾ ਭਾਂਬੜ ਮੱਚੀ ਜਾਵੇ
ਭਟਕਣਾ ਮਨੁੱਖਤਾ ਲਈ ਹੁਣ ਬਣੀ ਮਹਿੰਗੀ
ਯਕੀਨ ਇਨਸਾਨ ਦਾ ਇਨਸਾਨ ਤੋਂ ਮੁੱਕੀ ਜਾਵੇ
ਗ੍ਰਹਿਣੇ ਹੋਏ ਭਵਿੱਖ ਦੀ ਕੋਈ ਤਾਂ ਸਾਰ ਲਵੋ
ਤੇਲ ਆਸਾਂ ਦਾ ਚਿਰਾਂ ਤੋਂ ਹੁਣ ਸੁੱਕੀ ਜਾਵੇ