ਭਾਵੁਕ ਬੰਦਾ

ਕਦੇ ਮੈਂ ਬਹੁਤਾਈ ਭਾਵੁਕ ਬੰਦਾ

ਕਦੇ ਬਣ ਬੈਠਾਂ ਸੁੱਕੀ ਲੱਕੜ

ਕਦੇ ਸੁਲਝਿਆ ਸ਼ਰੀਫ ਸਿਆਣਾ

ਕਦੇ ਇਓਂ ਜਿਵੇਂ ਪੂਰਾ ਜੱਕੜ

ਕਦੋਂ ਸੰਜੀਦ, ਗੰਭੀਰ, ਸੁਚੱਜਾ

ਕਦੇ ਸ਼ੁਦਾਈ ਰੌਲਾ ਬੱਕੜ

ਕਦੇ ਮੈਂ ਫੁੱਲਾਂ ਲੱਧਿਆ ਬੂਟਾ

ਕਦੇ ਮੈਂ ਭੁੰਜੇ ਢੱਠਾ ਸੱਕੜ।

ਠਾਠ ਮੇਰੇ ਕਦੇ ਸ਼ਾਹ ਨਵਾਬੀ

ਕਦੇ ਫਿਰਾਂ ਮੈਂ ਦਰ ਦਰ ਫੱਕੜ

ਖੋਲ੍ਹਾਂ ਡੂੰਘੇ ਭੇਦ ਫ਼ਲਸਫੇ

ਕਦੇ ਮੈਂ ਭੁਲਣਹਾਰ ਭੁਲੱਕੜ

ਬੇਪਰਵਾਹ ਕਦੇ ਖੁੰਭ ਮੈਂ ਠੱਪਾਂ

ਕਦੇ ਮੈਂ ਕੰਬਾਂ ਪਾਲਾ ਕੱਕੜ।

ਪਯਾਲੇ ਰਜ਼ਾ ਦੇ ਸਰੂਰਨ ਮੈਨੂੰ

ਕਹਿੰਦੇ ਪੀ ਕੇ ਪਿਆ ਪਿਆਕੜ

ਬਾਜ ਵਾਂਗੂੰ ਕਦੇ ਅੰਬਰੀਂ ਰਾਜਾ

ਟੈਂ ਨਾ ਮੰਨਾ ਇੱਕੜ ਦੁੱਕੜ

ਫਲਦਾਰ ਬੂਟਾ, ਨਾ ਰੁੱਖ ਸਰਾਇਰਾ

ਜੀਵਾਂ ਜਾਗਾਂ ਨਾ ਮੁਰਦਾ ਅੱਕੜ

ਪੰਜਤੱਤ ਪੁਤਲਾ, ਮੈਂ ਮਿੱਟੀ ਮਿਲਣਾ

ਖ਼ਾਕ ਥੀਂਦੇ ਡਿੱਠੇ ਬਹੁਤੇ ਧੱਕੜ

ਰੰਗ ਰੰਗ ਰੰਗਰੇਜ਼ ਲਲਾਰੀ,

‘ਉੱਪਲ, ਹਰ ਰੰਗ ਮਿਸ਼ਰੀ ਸ਼ੱਕਰ

📝 ਸੋਧ ਲਈ ਭੇਜੋ