ਭੀੜ ਬਣੀ ਤਾਂ ਮੂੰਹ ਛੁਪਾਈ

ਭੀੜ ਬਣੀ ਤਾਂ ਮੂੰਹ ਛੁਪਾਈ ਬੈਠਾ ਹੈ

ਸਾਡੀ ਵਾਰੀ ਨੀਵੀਂ ਪਾਈ ਬੈਠਾ ਹੈ।

ਵਗਦੀ ਗੰਗਾ ਨ੍ਹਾਵੇ, ਸਿਜਦੇ ਚੜ੍ਹਦੇ ਨੂੰ

ਅਣਖ ਜ਼ਮੀਰਾਂ ਵੇਚ ਵਟਾਈ ਬੈਠਾ ਹੈ।

ਦੁੱਧ ਵਿਹੂਣਾ ਡੰਗਰ ਕਾਸੇ ਕੰਮ ਦਾ ਨੲ੍ਹੀਂ

ਪਿੰਡ ’ਚ ਫੋਕੀ ਧੌਂਸ ਜਮਾਈ ਬੈਠਾ ਹੈ।

ਅੰਡੇ ਆਪਣੇ ਆਕਾ ਘਰ ਦੇ ਆਇਆ ਹੈ

ਘਰ ਘਰ ਝੂਠੀ ਕੁੜਕੁੜ ਲਾਈ ਬੈਠਾ ਹੈ।

ਸਾਥੋਂ ਖੱਸੀ ਦੌਲਤ ਉੱਪਰ ਵੇਖੋ, ਕਿੰਝ!

ਨਾਗਾਂ ਵਾਂਗੂੰ, ਆਸਨ ਲਾਈ ਬੈਠਾ ਹੈ।

ਪਥਰੀਲੇ ਬੰਜਰ ਨੂੰ, ਸਿੰਜ ਸਿੰਜ ਕੇ, ਝੱਲਾ!

ਫੁੱਲਾਂ ਦੀ ਉਮੀਦ ਲਗਾਈ ਬੈਠਾ ਹੈ।

ਨੀਵਾਂ ਹੋ ਕੇ ਮਿਲਦੈ, ਅਕਸਰ ਬਚ ਕਿ ਰਹੁ

ਲਗਦੈ, ਅਜਕਲ੍ਹ ਘਾਤ ਲਗਾਈ ਬੈਠਾ ਹੈ।

ਜਿਸ ਟੋਲੇ ਦਾ, ਕਲ੍ਹ ਤਕ ਪੱਕਾ ਦੁਸ਼ਮਨ ਸੀ

ਓਸੇ ਨੂੰ ਅੱਜ, ਜੱਫੀਆਂ ਪਾਈ ਬੈਠਾ ਹੈ।

ਤੇਰੇ ਹੱਥ ਵਿੱਚ, ਖਾਲੀ ਲੋਟਾ, ਕਿਉਂ, ‘ਉੱਪਲ’!

ਸੋਹਣਾ ਰੱਬ ਤਾਂ, ਲੋਟੀ ਪਾਈ ਬੈਠਾ ਹੈ।

📝 ਸੋਧ ਲਈ ਭੇਜੋ