ਭਰਿਆ ਹੋਇਆ ਉਦਾਸ ਮੇਲਾ

(ਹਾਰਾਂ ਦੀ ਉਦਾਸੀ ਪਿੱਛੋਂ ਜਾਗਿਆ ਸਿਦਕ)

ਅੱਜ ਨਵੀਉਂ ਨਵੀਂ ਪਛਾਣ ਮਿਰੀ,

ਤੱਕ ! ਭਰਿਆ ਮੇਲਾ ਜਾਨ ਮਿਰੀ !

ਇਹ ਰਾਹ ਨੇ ਲੰਘੇ ਨਬੀਆਂ ਦੇ

ਇਥੇ ਕਿੱਸੇ ਤੱਤੀਆਂ ਤਵੀਆਂ ਦੇ

ਇਥੇ ਹੌਕੇ ਸੁੱਤਿਆਂ ਕਵੀਆਂ ਦੇ, 

ਸੁੰਮ ਖੜੇ ਥਲਾਂ ਦੇ ਸੀਨੇ ਵਿਚ 

ਸ਼ਾਹ ਰਗ ਹੈ ਲਹੂ-ਲੁਹਾਣ ਮਿਰੀ— 

ਅੱਜ ਨਵੀਉਂ ਨਵੀਂ ਪਛਾਣ ਮਿਰੀ, 

ਤੱਕ ! ਭਰਿਆ ਮੇਲਾ ਜਾਨ ਮਿਰੀ !

ਮੋਏ ਪੁੱਤ ਸਭਰਾਵਾਂ, ਚੈਨ ਵੋ, 

ਸੁੰਞੇ ਦਿਹੁੰ, ਤੇ ਧੁੱਖਦੀ ਰੈਣ ਵੋ, 

ਡੂੰਘੇ ਸ਼ਾਹ ਮੁਹੰਮਦ ਦੇ ਵੈਣ ਵੋ, 

ਇਹ ਬਾਜ਼ ਤਿਰੇ ਦੀ ਹੂੰਗਰ ਹੈ 

ਦੀ ਅੱਜ ਹੋ ਗਈ ਤੇਗ ਵੀਰਾਨ ਮਿਰੀ- 

ਅੱਜ ਨਵੀਉਂ ਨਵੀਂ ਪਛਾਣ ਮਿਰੀ, 

ਤੱਕ ! ਭਰਿਆ ਮੇਲਾ ਜਾਨ ਮਿਰੀ !

ਇਹਨਾਂ ਪੀਲੇ ਪੱਤਰਾਂ ਛੁਰੀਆਂ ਬਣ 

ਜਾ ਢਕ ਲਏ ਮੇਰੇ ਖ਼ੂਨ ਦੇ ਰਣ 

ਅੱਜ ਖ਼ਾਲੀ ਰੋਹੀਆਂ ਹੋ ਗਏ ਵਣ- 

ਮਿਰੇ ਸੁੰਞੇ ਹੱਥ ਫ਼ਕੀਰ ਹੋਏ 

ਛਿਪ ਸੂਰਜ ਕੰਡ ਛੁਪਾਣ ਮਿਰੀ- 

ਅੱਜ ਨਵੀਉਂ ਨਵੀਂ ਪਛਾਣ ਮਿਰੀ, 

ਤੱਕ ! ਭਰਿਆ ਮੇਲਾ ਜਾਨ ਮਿਰੀ !

ਮੈਂਡਾ ਅੱਧ-ਵਿਚਕਾਰ ਈਮਾਨ ਵੋ,

ਰੋਹ-ਭਰੀ ਬੇਅਦਬ ਅਜ਼ਾਨ ਵੋ,

ਹੰਝੂ ਕੇਰਦੀ ਨਜ਼ਰ ਰਕਾਨ ਵੋ.....

ਹਾਂ, ਇਹ ਵੀ ਰਾਹ ਦਰਵੇਸ਼ਾਂ ਦੇ

ਅੱਜ ਤੁਰਸ਼ ਤੇ ਤੁੰਦ ਜ਼ਬਾਨ ਮਿਰੀ !

ਅੱਜ ਨਵੀਉਂ ਨਵੀਂ ਪਛਾਣ ਮਿਰੀ,

ਤੱਕ ! ਭਰਿਆ ਮੇਲਾ ਜਾਨ ਮਿਰੀ !

ਮੁਰਸ਼ਦ ਵਿੰਨ੍ਹਿਆਂ ਹੱਕ ਦੀ ਚਾਂਗ ਨੇ 

ਮਿਹਨੇ-ਮਾਰਦੀ ਧੁੱਖਦੀ ਸਾਂਗ ਨੇ, 

ਤਾਰੇ ਖੜੇ ਦਰਵੇਸ਼ਾਂ ਦੇ ਵਾਂਗ ਨੇ, 

ਬੇਅਦਬ ਹੋਏ ਜਦ ਆਖ਼ਿਰ ਵਿਚ 

ਗੱਲ ਕਰਸਨ ਕਿਵੇਂ ਈਮਾਨ ਮਿਰੀ- 

ਅੱਜ ਨਵੀਉਂ ਨਵੀਂ ਪਛਾਣ ਮਿਰੀ, 

ਤੱਕ! ਭਰਿਆ ਮੇਲਾ ਜਾਨ ਮਿਰੀ।

ਹੰਝੂ-ਕੇਰਦਾ ਹਰਖ ਅੱਜ ਚੁੱਪ ਹੈ 

ਹਰਿਆ-ਭਰਿਆ ਫ਼ਕੀਰ ਦਾ ਦੁੱਖ ਹੈ, 

ਕੰਧੀ ਆਖ਼ਰੀ ਹਸ਼ਰ ਦੀ ਰੁੱਖ ਹੈ, 

ਜਦ ਹਰਾ-ਕਚੂਰ ਹੀ ਆਖ਼ਿਰ ਹੈ 

ਤਦ ਲਭਦੀ ਹੁਕਮ ਅਜ਼ਾਨ ਮਿਰੀ— 

ਅੱਜ ਨਵੀਉਂ ਨਵੀਂ ਪਛਾਣ ਮਿਰੀ, 

ਤੱਕ! ਭਰਿਆ ਮੇਲਾ ਜਾਨ ਮਿਰੀ

ਇਹ ਭਰਿਆ ਭਰਿਆ ਮੇਲਾ ਜਾਨ ਮੇਰੀ 

ਇਥੇ ਚਮਕੇ ਤੇਗ ਮਹਾਨ ਮਿਰੀ 

ਇਥੇ ਇੱਕੋ ਇਕ ਉਡਾਣ ਮਿਰੀ— 

ਇਥੇ ਇੱਕੋ ਇਕ ਹੈ ਅਰਜ਼ ਮਿਰੀ 

ਇਥੇ ਇੱਕੋ ਇਕ ਜ਼ਬਾਨ ਮਿਰੀ— 

ਅੱਜ ਨਵੀਉਂ ਨਵੀਂ ਪਛਾਣ ਮਿਰੀ,

ਤੱਕ ! ਭਰਿਆ ਮੇਲਾ ਜਾਨ ਮਿਰੀ !

ਬੇਕਦਰ ਸ਼ਹਿਰ ਵਿਚ ਜਾਨ ਮਿਰੀ !

ਇਥੇ ਇੱਕੋ ਇਕ ਪਛਾਣ ਮਿਰੀ,

ਤੱਕ ਸੂਰਤ ਵਿਚ ਘਮਸਾਨ ਮਿਰੀ, 

ਜਾਂ ਨਬੀ ਹੀ ਮੇਰਾ ਆਖ਼ਿਰ ਹੈ 

ਜਾਂ ਚੜ੍ਹੀ ਨਬੀ ਨੂੰ ਪਾਣ ਮਿਰੀ-

ਅੱਜ ਨਵੀਉਂ ਨਵੀਂ ਪਛਾਣ ਮਿਰੀ, 

ਤੱਕ ! ਭਰਿਆ ਮੇਲਾ ਜਾਨ ਮਿਰੀ !

ਇਹ ਸ਼ਹਿਰ ਅੱਲਾ ਦੇ ਮਾਰੇ ਨੇ, 

ਇਹ ਦਰ-ਦਰਵਾਜ਼ੇ ਹਾਰੇ ਨੇ,

ਚੁੱਪ ਫਿਰਨ ਪਏ ਵਣਜਾਰੇ ਨੇ,

ਜੱਗ ਵਾਲੇ ਚੁੱਪ ਦੇ ਵਣਜ ਘਿਰੇ

ਲੱਭ ਸੂਰਤ ਲੈਣ ਤੂਫ਼ਾਨ ਮਿਰੀ— 

ਅੱਜ ਨਵੀਉਂ ਨਵੀਂ ਪਛਾਣ ਮਿਰੀ 

ਤੱਕ ! ਭਰਿਆ ਮੇਲਾ ਜਾਨ ਮਿਰੀ !

ਅੱਜ ਸਿਖਰ ਦੁਪਹਿਰ ਬੇ-ਤਰਜ਼ ਕੋਈ, 

ਇਸ ਮੇਲੇ ਦੇ ਵਿਚ ਅਰਜ਼ ਕੋਈ, 

ਤੇਰੇ ਕਰਮ ਤੋਂ ਅੱਗੇ ਮਰਜ਼ ਕੋਈ, 

ਸਿਰ ਫ਼ੱਕਰਾਂ ਬਾਜ਼ ਪਿਆਰੇ ਦਾ 

ਭੁੱਖ ਬਣੇ ਪੈੜ ਘਮਸਾਨ ਮਿਰੀ— 

ਅੱਜ ਨਵੀਉਂ ਨਵੀਂ ਪਛਾਣ ਮਿਰੀ, 

ਤੱਕ ! ਭਰਿਆ ਮੇਲਾ ਜਾਨ ਮਿਰੀ !

ਸੁੰਮ ਥੰਮ੍ਹ ਖੜਾ ਅਸਮਾਨ ਨੂੰ

ਤਿਰੇ ਸਰਬ ਲੋਹ ਦੇ ਤਾਣ ਨੂੰ 

ਕਿਸੇ ਸਿਖਰ ਦੁਪਹਿਰ ਦੇ ਵਾਣ ਨੂੰ, 

ਥੱਲ ਵਾਂਗ ਧਨੁਸ਼ ਦੇ ਟੁੱਟੇ ਆ 

ਤੇ ਮੁਰਸ਼ਦ ਨਾਲੋਂ ਤਾਨ ਮਿਰੀ—

ਅੱਜ ਨਵੀਉਂ ਨਵੀਂ ਪਛਾਣ ਮਿਰੀ

ਤੱਕ ! ਭਰਿਆ ਮੇਲਾ ਜਾਨ ਮਿਰੀ !

ਜੋ ਮਾਹੀ ਬਖ਼ਸ਼ੇ ਸਾਹ ਲੋਕੋ 

ਗਏ ਟੁੱਟ ਮੁਰੀਦ ਦੇ ਰਾਹ ਲੋਕੋ 

ਵਿਚ ਰਣ ਗੁਜਰਾਤ ਦੇ ਲੋਕੋ, 

ਉਸ ਕੜੇ ਫ਼ਰੇਬ 'ਤੇ ਕਹਿਰ ਪਵੇ 

ਜਿਸ ਕੋਹੀ ਉਮਰ ਜਵਾਨ ਮਿਰੀ— 

ਅੱਜ ਨਵੀਉਂ ਨਵੀਂ ਪਛਾਣ ਮਿਰੀ 

ਤੱਕ ! ਭਰਿਆ ਮੇਲਾ ਜਾਨ ਮਿਰੀ !

ਇਕ ਬੁੱਲ੍ਹੇ ਕੋਲ ਸੁਆਲ ਮਿਰਾ :

“ਦੱਸ ! ਕਿਹੜਾ ਖ਼ੂਨੀ ਸਾਲ ਮਿਰਾ ?

ਤੈਂ ਰਮਜ਼ ਕਿਹੋ ਜਿਹਾ ਤਾਲ ਮਿਰਾ ?”

ਤੈਨੂੰ ਸ਼ਾਹ ਹੁਸੈਨਾ ਅਰਜ਼ ਕਰਾਂ

ਦੇ ਵਿਛੜੀ ਜੋ ਕਿਰਪਾਨ ਮਿਰੀ -

ਅੱਜ ਨਵੀਉਂ ਨਵੀਂ ਪਛਾਣ ਮਿਰੀ, 

ਤੱਕ ! ਭਰਿਆ ਮੇਲਾ ਜਾਨ ਮਿਰੀ !

ਮੇਰਾ ਤੱਤੀ ਤਵੀ 'ਤੇ ਸਾਹ ਬਲਿਆ, 

ਲੱਖ ਨਾਦ ਦੇ ਸ਼ਹਿਰ ਵਸਾ ਬਲਿਆ, 

ਜਿਵੇਂ ਹੁਕਮ ਦਾ ਆਖ਼ਰੀ ਤਾਅ ਬਲਿਆ, 

ਛੱਡ ਅੰਤਮ ਰਾਹ ਤੇ ਫ਼ੱਕਰਾਂ ਨੂੰ 

ਕਰ ਤੁਰ ਗਿਆ ਇਕ ਸੰਞਾਣ ਮਿਰੀ- 

ਅੱਜ ਨਵੀਉਂ ਨਵੀਂ ਪਛਾਣ ਮਿਰੀ, 

ਤੱਕ ! ਭਰਿਆ ਮੇਲਾ ਜਾਨ ਮਿਰੀ !

ਮੈਂਡੇ ਨੈਣਾਂ ਦੀ ਸ਼ਾਮ ਨੂੰ 'ਵਾਜ ਪਈ 

ਮੈਂਡੇ ਦਿਲ-ਕੁਹਰਾਮ ਨੂੰ 'ਵਾਜ ਪਈ 

ਮੈਂਡੇ ਉਹੀਓ ਹੀ ਹਾਣ ਨੂੰ 'ਵਾਜ ਪਈ, 

ਖੜੀ ਸਿਦਕ ਨਿਭਾਣ ਨੂੰ ਪੱਤਣਾਂ 'ਤੇ 

ਬੰਨ੍ਹ ਕਫ਼ਨ ਜਿੰਦ ਰਕਾਨ ਮਿਰੀ- 

ਅੱਜ ਨਵੀਉਂ ਨਵੀਂ ਪਛਾਣ ਮਿਰੀ, 

ਤੱਕ ! ਭਰਿਆ ਮੇਲਾ ਜਾਨ ਮਿਰੀ !

📝 ਸੋਧ ਲਈ ਭੇਜੋ