ਭੁੱਲ ਗਏ ਹਾਂ ਤੇਰੀ

ਭੁੱਲ ਗਏ ਹਾਂ ਤੇਰੀ ਕੀਤੀ ਕਿਰਤ ਕਮਾਈ ਨਾਨਕ।

ਅਸੀਂ ਤਾਂ ਤੇਰੇ ਨਾਂ 'ਤੇ ਆਪਣੀ ਹੱਟ ਚਲਾਈ ਨਾਨਕ।

 

'ਕਿਰਤ ਕਰੋ ਤੇ ਵੰਡ ਛਕੋ'  ਇਹ ਤੇਰਾ ਸੀ ਗੁਰਮੰਤਰ

ਖ਼ੁਦਗਰਜ਼ੀ ਵਿਚ ਤੇਰੀ ਸਿੱਖਿਆ ਅਸੀਂ ਭੁਲਾਈ ਨਾਨਕ।

 

ਜਾਤਾਂ-ਪਾਤਾਂ, ਧਰਮਾਂ, ਮਜ਼ਬਾਂ ਨ੍ਹੇਰ ਵਿਛਾਇਆ ਹਰ ਥਾਂ

ਤੂੰ ਸੀ ਮਾਨਵਤਾ ਦੀ ਇੱਕੋ ਜੋਤ ਜਗਾਈ ਨਾਨਕ।

 

ਸ਼ਾਮ ਸਵੇਰੇ ਤੋਤੇ ਵਾਂਗੂੰ ਰਟਦੇ ਰਹੀਏ, ਇਸ ਨੂੰ

ਕਦੇ ਨਾ ਬਾਣੀ ਅੰਦਰ ਡੂੰਘੀ ਤਾਰੀ ਲਾਈ ਨਾਨਕ।

 

ਕੂੜ ਅਮਾਵਸ ਏਨੀ ਪਸਰੀ ਸਾਡੇ ਜ਼ਿਹਨਾਂ ਅੰਦਰ

ਸੱਚ ਚੰਦਰਮਾਂ ਸਾਨੂੰ ਦਿੰਦਾ ਨਹੀਂ ਦਿਖਾਈ ਨਾਨਕ।

 

ਅਰਬਦ ਨਰਬਦ ਧੁੰਦੂਕਾਰਾ ਅੱਜ ਵੀ ਚਾਰੇ ਪਾਸੇ

ਧੁੰਦ-ਗੁਬਾਰ 'ਚ ਗੁੰਮ ਗਈ ਤੇਰੀ ਰੁਸ਼ਨਾਈ ਨਾਨਕ।

 

ਪੱਥਰ ਉੱਚੇ ਸੁੱਚੇ ਹੋ ਗਏ, ਅੱਖਰ ਵੇਂਹਦੇ ਰਹਿ ਗਏ

ਪੱਥਰਾਂ ਨੇ ਅੱਜ ਸ਼ਬਦਾਂ ਤੋਂ ਪੂਜਾ ਕਰਵਾਈ ਨਾਨਕ।

 

ਸੱਚ ਹੈ ਤੇਰੀ ਮਹਿਮਾ ਰਹਿਣੀ, ਰਹਿੰਦੀ ਦੁਨੀਆਂ ਤਾਈਂ

‘ਮਾਨ’ ਤਾਂ ਹਰਦਮ ਗਾਉਂਦਾ ਹੈ ਤੇਰੀ ਵਡਿਆਈ ਨਾਨਕ।

📝 ਸੋਧ ਲਈ ਭੇਜੋ