ਭੁੱਲਣਾ ਮੈਂ ਚਾਹਿਆ ਉਸਨੂੰ ਸਭ ਕੁੱਝ ਭੁਲਾਉਣਾ ਪੈ ਗਿਆ
ਹੋਂਦ ਨੂੰ ਨਿਰਹੋਂਦ ਦਾ ਦੀਵਾ ਜਗਾਉਣਾ ਪੈ ਗਿਆ
ਧਰਤ ਦੀ ਹਰ ਸ਼ੈਅ ਹੀ ਮੈਥੋਂ ਪਰਾਈ ਹੋ ਗਈ
ਆਪਣੀ ਹੀ ਕਾਇਆ ਵਿਸਰੀ ਆਪੇ ਜੁਦਾਈ ਹੋ ਗਈ
ਆਪਣੀ ਹੀ ਰੂਹ ਦੀ ਮਹਿਕ ਨੂੰ ਆਪੇ ਹੰਢਾਉਣਾ ਪੈ ਗਿਆ
ਮਜ਼ਹਬਾਂ ਨੇ ਜੋ ਸੀ ਸਿਰਜਿਆ ਉਹ ਅਡੰਬਰ ਰੋ ਪਿਆ
ਕੱਲ ਮਿੱਟੀ ਦਾ ਕਣ ਸੀ ਅੱਜ ਪੈਗੰਬਰ ਹੋ ਗਿਆ
ਮਨ ਨੂੰ ਮੁੜ ਮਨਾਉਣ ਲਈ ਮਿੱਤਰ ਮਨਾਉਣਾ ਪੈ ਗਿਆ
ਸਾਰੀ ਸਰਿਸ਼ਟੀ ਸਿਮਟਕੇ ਖਿਆਲ ਬਣਕੇ ਰਹਿ ਗਈ
ਅਗਨ ਪਾਣੀ ਪੌਣ ਮਿੱਟੀ ਸਿਫਰ ਬਣ ਕੇ ਰਹਿ ਗਈ
ਮਿਟ ਨਾ ਜਾਏ ਸਿਰਜਣਾ ਫਿਰ ਬੁੱਤ ਬਨਾਉਣਾ ਪੈ ਗਿਆ
ਮੈਂ 'ਚ ਮੁੜਕੇ ਆਉਣ ਲਈ ਫਿਰ ਬੁਲਾਇਆ ਖ਼ੁਦੀ ਨੂੰ
ਮੋਹ ਦਾ ਮੰਦਰ ਉਸਰੇ ਫਿਰ ਜਗਾਇਆ ਖ਼ੁਦੀ ਨੂੰ
ਜੋ ਬੀਜ ਅੰਦਰ ਬੈਠਿਆ ਉਹਨੂੰ ਬਾਹਰ ਆਉਣਾ ਪੈ ਗਿਆ
ਫਿਰ ਮੈਂ ਆਪਣਾ ਆਪ ਹਾਂ ਪਿਆਰ ਦਾ ਪੈਗਾਮ ਹਾਂ
ਜ਼ਿੰਦਗੀ ਦੀ ਜੁਸਤਜੂ ਪਰ ਮੌਤ ਦਾ ਮੁਕਾਮ ਹਾਂ
ਹਸਤੀ ਨੂੰ ਆਪਣੇ ਹਸ਼ਰ ਦਾ ਗੀਤ ਗਾਉਣਾ ਪੈ ਗਿਆ
ਹੋਂਦ ਨੂੰ ਨਿਰਹੋਂਦ ਦਾ ਦੀਵਾ ਜਗਾਉਣਾ ਪੈ ਗਿਆ
ਭੁੱਲਣਾ ਮੈਂ ਚਾਹਿਆ ਉਸਨੂੰ ਸਭ ਕੁਝ ਭੁਲਾਉਣਾ ਪੈ ਗਿਆ