ਸਾਵੇ ਸਰਕੜਿਆਂ ਦੇ ਬੁੰਬਲ

ਨੂਰ ਵਾਂਗ ਥੱਰਾਵਣ,

ਛਿਪਦੇ ਸੂਰਜ ਦੇ ਪ੍ਰਛਾਵੇਂ

ਚੁੰਮ੍ਹ ਚੁੰਮ੍ਹ ਕੇ ਮੁੜ ਜਾਵਣ।

ਪੀਲੇ ਪੱਤਰ; ਨਦੀਆਂ ਵੱਗਣ;

ਅੱਖੀਆਂ ਵਿਚ ਪਾਣੀ !

ਕਿਸ ਨੂੰ ਪੰਛੀ ਨੂੰ ਦੇਣ ਸੁਨੇਹੇ

ਦੂਰ ਦੁਰਾਡੇ ਹਾਣੀ ?

ਥਲ ਵਿਚ ਪੈੜ ਚਿਰਾਂ ਤੋਂ ਮੋਈ

ਡਾਚੀਆਂ ਦਾ ਮਨ ਭਰਿਆ।

ਬੇਘਰ ਸਾਹ, ਖੰਭ ਬੇਗਾਨੇ, 

ਥਲ ਕੋਈ ਭੇਦ ਜਰਿਆ।

ਸੂਹੇ ਵੇਸ ਉਮਰ ਜੋ ਕੀਤੇ,

ਕੌਣ ? ਕਿਨ੍ਹਾਂ ਦੇ ਪੱਲੇ ?

ਬਾਗ਼ਾਂ ਨੇ ਵੀ ਕੁਝ ਰੰਗ ਬਣਾ ਕੇ 

ਬਨਬਾਸਾਂ ਵੱਲ ਘੱਲੇ।

ਡਿੱਗੇ ਖੰਭ ਰੇਤ 'ਤੇ ਲੱਖਾਂ

ਫੜ ਸਮਿਆਂ ਦੇ ਸਾਏ।

ਅੰਬਰ ਨਦੀਆਂ ਨੇ ਰਾਹ ਭੇਜੇ,

ਮਰਨ ਸਵਾਰ ਤਿਹਾਏ !

ਪਰਦੇਸਾਂ ਦੇ ਵੇਸ ਭਾਵਣ

ਕੋ ਭਲਾ ਵਸੇਰਾ।

ਪਰਲੋਂ ਤੋਂ ਵੀ ਪਾਰ ਕਿਤੇ ਜਾ

ਬਲਦਾ ਸਾਹ ਕੋਈ ਮੇਰਾ।

ਪੱਤਝੜ ਦੇ ਪੱਤਰਾਂ ਵਿਚ ਸੁੱਤੇ

ਮੋਹ ਮਾਵਾਂ ਦੇ ਜਾਣੇ।

ਚਿਰਾਂ ਤੋਂ ਛੁਪੇ ਸੰਘਣੀ ਛਾਵੇਂ, 

ਕੁਝ ਬਨਬਾਸ ਪੁਰਾਣੇ।

ਚੜ੍ਹੇ ਵਹਿਣ ਹੜ੍ਹਾਂ ਦੇ ਜਿਸਦੀ 

ਸਾਂਭ ਸਕੇ ਯਾਰੀ 

ਅਧਰੈਣੀ ਨੂੰ ਚੰਨ ਵਲ ਉਮ੍ਹਲੇ 

ਭਖ ਜੋ ਨੈਣ ਉਡਾਰੀ,

ਪੱਤਝੜ ਦੇ ਬਲਦੇ ਪ੍ਰਛਾਵੇਂ

ਉਹੀਓ ਹੇਕ ਲਿਆਵਣ

ਪੁੰਨਿਆਂ ਜਹੇ ਬੁੰਬਲਾਂ ਦੀਆਂ ਪਲਕਾਂ

ਉਡਦਾ ਸੁਪਨ ਛੁਪਾਵਣ।

ਅੰਧ ਗ਼ੁਬਾਰ ਯੁਗਾਂ ਦਾ ਤੋਲੇ 

ਪੱਤ ਨਿਮਾਣਾ ਕੋਈ,

ਓਦਰ ਰਹੇ ਮਜ਼ਾਰਾਂ ਦੇ ਵੱਲ

ਨਜ਼ਰ ਗਈ ਜੋ, ਮੋਈ।

ਝਿੰਮ ਝਿੰਮ ਰੈਣਾਂ ਦੂਰੋਂ ਦੂਰੋਂ

ਜੁਗਨੂੰ ਕੋਈ ਬੁਲਾਵਣ।

ਹੜ੍ਹਾਂ ਵਾਂਗ ਛਲਕਦੇ ਪੈਂਡੇ 

ਪਰਾਂ ਨਾਲ ਛੁਹ ਜਾਵਣ।

ਛਿਣ ਪਲ ਰੁਲੇ ਖਾਰ ਦੇ ਸੀਨੇ

ਕਟਕ ਮਹਿਕ ਦਾ ਵੱਜੇ,

ਖੋਈਆਂ ਚਿਰਾਂ ਦੀਆਂ ਡੰਡੀਆਂ ਦੀ

ਐਪਰ ਧੂੜ ਲੱਭੇ।

ਕਾਫ਼ਲਿਆਂ ਦੀਆਂ ਧੂੜਾਂ ਲੱਥੀਆਂ

ਚੜ੍ਹ ਚੜ੍ਹ ਬਾਗ਼ਾਂ ਕੋਲੇ

ਭੇਦ ਅੰਬਾਂ ਦੀ ਗੂੜ੍ਹੀ ਛਾਵੇਂ

ਥਰਹਰ ਜੁਗਨੂੰ ਖੋਲ੍ਹੇ।

ਭਾਰੀ ਚਰਖ ਟੁੱਟਣ ਦੇ ਪਿੱਛੋਂ

ਗੋਰਾਂ ਦਾ ਪ੍ਰਛਾਵਾਂ !

ਰੁਲੀਆਂ ਧੂੜਾਂ 'ਤੇ ਵੀ ਵੱਗਣ 

ਇਕਰਾਰਾਂ ਦੀਆਂ 'ਵਾਵਾਂ।

ਘੁੱਟ ਲਿਆ ਨ੍ਹੇਰਾਂ ਨੇ ਚੜ੍ਹ ਕੇ 

ਭੇਦ ਪੁਰਾਣਾ ਯਾਰੋ !

ਬਿਆਸ ਪੱਤਣ ਵੱਲ ਇਸ ਪੱਤਝੜ ਵਿਚ 

ਮੁੜੋ ਕਦੇ ਅਸਵਾਰੋ।

📝 ਸੋਧ ਲਈ ਭੇਜੋ