ਸਈਓ ਨੀ ਵਗਦੇ ਬਿਆਸਾ ਦੇ ਪਾਣੀ 

ਕਾਲੀਆਂ ਹਨੇਰੀਆਂ ਦੇ ਪਾਰ

ਫਲ ਫਲ ਜਾਣ ਫਲਾਹੀਆਂ ਤੇ ਕਿੱਕਰਾਂ 

ਪੈੜਾਂ ਤੇ ਹੰਝੂਆਂ ਦਾ ਭਾਰ 

ਸੁੱਕਿਆਂ ਰੁੱਖਾਂ 'ਤੇ ਪਿੰਜਰ ਥਲ ਦੇ 

ਖੰਭਾਂ ਦਾ ਡਿੱਗਦਾ ਗੁਬਾਰ 

ਸੂਰਜ ਛਿਪਦੇ ਹਨੇਰੀਆਂ ਆਈਆਂ 

ਲਹਿਰਾਂ ਦੇ ਸੀਨੇ ਉਜਾੜ 

ਗਾਉਂਦੇ ਜੱਲਾਦਾਂ ਦੀ ਹੇਕ ਨਿਆਰੀ 

ਡਿੱਗਦੀ ਸ਼ਹੀਦਾਂ ਦੇ ਦੁਆਰ 

ਸੱਖਣੇ ਬੂਹੇ 'ਤੇ ਧੂੜਾਂ ਨੇ ਸੁੱਟੀ 

ਈਦ ਦੇ ਚਾਨਣ ਦੀ ਤਾਰ ॥੧॥

ਸਈਓ ਨੀ ਵਗਦੇ ਬਿਆਸਾ ਦੇ ਪਾਣੀ 

ਹਰਿਆਂ ਘਾਹਵਾਂ ਦੇ ਕੋਲ

ਪੈੜਾਂ 'ਤੇ ਸੱਖਣੇ ਬੂਹਿਆਂ ਤੋਂ ਉੱਠਦੇ 

ਅੰਧ-ਗੁਬਾਰਾਂ ਦੇ ਬੋਲ

ਲੰਮਿਆਂ ਰੁੱਖਾਂ ਦੇ ਹੇਠ ਨੇ ਮੋਏ 

ਮਾਵਾਂ ਦੇ ਪੁੱਤ ਅਣਭੋਲ 

ਜਿਉਂ ਜਿਉਂ ਚੜ੍ਹਦਾ ਸੂਰਜ ਨੀ ਮਾਏ 

ਖੰਭਾਂ ਨੂੰ ਪੈਂਦੇ ਨੇ ਡੋਲ

ਸ਼ਹੁ ਨਸੀਬਾਂ ਦੇ ਛਾਲਿਆਂ ਹੇਠੋਂ 

ਮਿੱਟੀ ਨਾਂਹ ਸਕਦੇ ਫੋਲ 

ਰੂਹ ਦਰਵੇਸ਼ਾਂ ਦੀ ਦੇਖਣ ਲਈ ਰੱਤ 

ਸਿਖਰ ਦੁਪਹਿਰਾਂ 'ਚ ਰੋਲ 

ਭੁੱਲ ਗਏ ਮਿੱਟੀ ਨੂੰ ਕੌਲ ਨੀ ਮਾਏ 

ਬਾਗ਼ਾਂ ਨੂੰ ਪੈਂਦੇ ਨੇ ਹੌਲ॥੨॥

ਸਈਓ ਨੀ ਵਗਦੇ ਬਿਆਸਾ ਦੇ ਪਾਣੀ 

ਸਿਖਰ ਦੁਪਹਿਰਾਂ ਦੀ ਜੂਹ 

ਜਦੋਂ ਜੱਲ੍ਹਾਟ ਨਜ਼ਰ ਵਿਚ ਪੈਂਦੇ 

ਲੈਣ ਥਲਾਂ ਨੂੰ ਧੂਹ 

ਕਿਹੜੀ ਮਿੱਟੀ ਨੇ ਪੁੱਤ ਬਿਰਖਾਂ ਨੂੰ 

ਮਾਏ ਨੀ ਸੁੱਟਿਆ ਲੂਹ

ਧੁੰਧੂਕਾਰ ਹਵਾ ਦੇ ਅੰਦਰ 

ਪੁੱਟਦਾ ਰੱਤ ਦੇ ਖੂਹ

ਓਸ ਮਿੱਟੀ 'ਤੇ ਕੌਣ ਹੈ ਫਿਰਦਾ 

ਕੌਲਾਂ ਨੂੰ ਜਿਹੜੀ ਮਿਲੂ॥੩॥

ਸਈਓ ਨੀ ਵਗਦੇ ਬਿਆਸਾ ਦੇ ਪਾਣੀ 

ਲੰਮੀਆਂ ਹੇਕਾਂ ਦੇ ਬਾਰ

ਰੋਗ ਮੁਰੀਦਾਂ ਦੇ ਪੁੱਛੋਂ ਨਾਂਹ ਕੇ 

ਚਿੱਟਿਆਂ ਬਾਜ਼ਾਂ ਦੇ ਯਾਰ 

ਸੁੱਟ ਮੇਰੇ ਆਂਗਣ 'ਚ ਧੂੜਾਂ ਉਹ ਮਾਹੀਆ 

ਜਿਹਨਾਂ 'ਚ ਤਪਦੇ ਸੀ ਹਾੜ

ਸੰਞਾਂ ਦੀ ਲਾਲੀ 'ਚ ਬੋਲੀਂ ਤੂੰ ਮਾਹੀਆ 

ਸੋਹਣਿਆਂ ਹਰਫ਼ਾਂ ਦੇ ਪਾਰ 

ਵੇਂਹਦੀ ਮੈਂ ਚੜ੍ਹਦਿਆਂ ਸੂਰਜਾਂ ਵੰਨੇ

ਪੱਤਿਆਂ 'ਤੇ ਨਜ਼ਰਾਂ ਦਾ ਭਾਰ 

ਦਿਲ ਦਰਿਆਵਾਂ ਦਾ ਪਾਣੀ ਚੜ੍ਹਿਆ 

ਧੂੜਾਂ ਦੇ ਓਹਲੇ ਜੁਝਾਰ1 ॥੪॥

📝 ਸੋਧ ਲਈ ਭੇਜੋ