ਸਭ ਸੁਰ ਪਾਟ ਗਏ
ਸ੍ਰਿਸ਼ਟੀਆਂ ਟੁੱਟੀਆਂ ਜ਼ੰਜੀਰਾਂ ਦੇ ਵਾਂਗ ਬੇਹਾਲ ਪਈਆਂ-
ਉਹ ਗੀਤ ਕਿੱਥੇ ?,
ਜੋ ਚਲਾ ਗਿਆ ਸੱਭੋ ਕਿਨਾਰਿਆਂ ਦੇ ਉੱਤੇ;
ਮਾਇਆ ਦੇ ਮਹਾਂ ਪ੍ਰਪੰਚ ਵਿਚ ਵੀ
ਜੋ ਸਮਾ ਗਿਆ ਆਪਣਾ ਇਲਾਹੀ ਨਾਮ ਲੈ ਕੇ-
ਉਹ ਗੀਤ ਕਿੱਥੇ ?
ਜੋ ਹਰ ਪਾਸੇ ਗੁਆਚਿਆ
ਜੋ ਪ੍ਰਾਚੀਨ ਵਿਚ ਹੋਰ ਪ੍ਰਾਚੀਨ ਹੁੰਦਾ
ਜੋ ਗੂੰਜਦਾ ਸਭ ਕਿਨਾਰਿਆਂ ਉੱਤੇ
ਉਹ ਸੁੰਦਰੀ ਖਿੜ ਖਿੜ ਅਨੇਕਾਂ ਥੱਰਾਟਾਂ 'ਚ ਲਰਜ਼ਦੀ
ਜਿਸ ਦਾ ਹਾਸਾ ਗੂੰਜਦਾ ਮੌਤ ਦੀ ਹਰ ਇਕ ਗੁਫ਼ਾ ਵਿਚ
ਜੋ ਮੁਸਕਰਾਂਦੀ ਨਿਕਲ ਗਈ ਮੌਤ ਤੋਂ ਕਿਤੇ ਅੱਗੇ,
ਜੋ ਲਸ-ਲਸਾਂਦੀ
ਹੱਸ ਹੱਸ ਲੋਟ-ਪੋਟ ਬਿਜਲੀਆਂ ਨੂੰ ਕਰਦੀ,
ਜੋ ਥਰ-ਥਰਾਂਦੀ ਤਾੜੀ ਮਾਰਦੀ
ਜਿਸ ਦਾ ਹਾਸਾ ਮੌਤ ਦੇ ਅਨੇਕ ਪੁਲ ਬਣਾਂਦੇ
ਰੱਬ ਨੂੰ ਨਾਦਾਨ ਆਖਦਾ।
ਉਸ ਨੇ ਆਪਣੇ ਹੁਸਨ ਨੂੰ
ਚਾਰ-ਚੁਫੇਰੇ ਮਿੱਟੀ 'ਚ ਬੀਜਿਆ;
ਫੇਰ ਆਪਣੇ ਹੀ ਤੇਜ ਤੋਂ ਸ਼ਰਮਾਂਦੀ
ਲੁਕ ਲੁਕ ਕੁੰਡੇ ਮਾਰਦੀ,
ਸ਼ਰਮ ਦੀਆਂ ਲਾਲੀਆਂ ਸਾਂਭਦੀ
ਦਿਲਾਂ ਦੇ ਉੱਚੇ ਧੌਲਰਾਂ।