ਬਿਖੜਾ ਤਾਂ ਪੈਂਡਾ ਹੈ ਮਗ਼ਰ ਮੰਜ਼ਿਲ ਹੈ ਸਾਹਮਣੇ
ਜਿਸ ਵਾਸਤੇ ਸਾਂ ਦਰਬਦਰ ਮੰਜ਼ਿਲ ਹੈ ਸਾਹਮਣੇ।
ਬੇਸ਼ਕ ਲੁਕਾਈ ਵੈਰ ਕੀਤਾ ਪੈਰ ਪੈਰ ਤੇ
ਮੌਲਾ ਲਈ ਮੇਰੀ ਖ਼ਬਰ ਮੰਜ਼ਿਲ ਹੈ ਸਾਹਮਣੇ।
ਤਾਜ਼ੀ ਹਵਾ ਮਹਿਬੂਬ ਨੂੰ ਜਾਂ ਛੂਹ ਕੇ ਆ ਗਈ
ਮਹਿਕਾ ਗਈ ਮੇਰੀ ਸਹਰ ਮੰਜ਼ਿਲ ਹੈ ਸਾਹਮਣੇ।
ਜਦ ਝੁਕ ਗਿਆ ਮੈਂ ਦਰ ਤੇਰੇ ਤੇ ਰੋਮ ਰੋਮ ਤੋਂ
ਰਹਿਮਤ ਭਰੀ ਹੋਈ ਨਜ਼ਰ ਮੰਜ਼ਿਲ ਹੈ ਸਾਹਮਣੇ।
’ਕੱਲਾ ਸਾਂ ਮੈਂ ਕੋਈ ਨਹੀਂ ਸੀ ਦੂਰ ਦੂਰ ਤਕ
ਹਾਂ ਕਾਫ਼ਲੇ ਦਾ ਹਮਸਫ਼ਰ ਮੰਜ਼ਿਲ ਹੈ ਸਾਹਮਣੇ।
ਹੋਈ ਸਵੱਲੀ ਜਦ ਨਜ਼ਰ ਇਸ ਖ਼ਾਕ ਸਾਰ ਤੇ
ਗੁਮਨਾਮ ਸਾਂ ਹੋਇਆ ਨਸ਼ਰ ਮੰਜ਼ਿਲ ਹੈ ਸਾਹਮਣੇ।
ਰੁਕਨਾਂ ਦੇ ਚੱਕਰ ਤੋਂ ਗ਼ਜ਼ਲ ਆਜ਼ਾਦ ਹੋ ਗਈ
ਇਹ ਹੈ ਰਵਾਨੀ ਦਾ ਅਸਰ ਮੰਜ਼ਿਲ ਹੈ ਸਾਹਮਣੇ।
ਮਾਰੂਥਲਾਂ ਦੀ ਤਪਸ਼ ਸੀ ਜਿੱਧਰ ਵੀ ਵੇਖਿਆ
ਹਰਿਆਵਲਾ ਹੈ ਹਰ ਸ਼ਜਰ ਮੰਜ਼ਿਲ ਹੈ ਸਾਹਮਣੇ।
ਉਸ ਪਾਰ ਜਾਣਾ ਹਰ ਕਿਸੇ ‘ਉੱਪਲ’ ਜ਼ਰੂਰ ਹੈ
ਬੇਗ਼ਮਪੁਰਾ ਰੱਬ ਦਾ ਨਗਰ ਮੰਜ਼ਿਲ ਹੈ ਸਾਹਮਣੇ।