ਬਿਖਰੇ ਪਏ ਨੇ

ਬਿਖਰੇ ਪਏ ਨੇ 

ਮਾਂ ਬਾਪ 

ਵਿਹੜੇ ਬੂਹੇ ਘਰਾਂ ਦੇ ਉਦਾਸ

ਓਦਰੀਆਂ ਪਈਆਂ ਨੇ ਬਰੂਹਾਂ

ਹੱਥੀਂ ਤੋਰ ਕੇ ਆਪਣੇ ਲਾਡਲਿਆਂ ਨੂੰ 

ਤੇ ਕਈ ਟੋਰਨ ਨੂੰ 

ਕਾਹਲੇ ਹੋਏ ਪਏ ਨੇ ਚੰਨਾਂ ਨੂੰ 

ਰਾਤਾਂ ਸੌ ਢੰਗ ਭਾਲਦੀਆਂ

ਆਪ ਅਲਵਿਦਾ ਕੀਤੇ ਪਲ 

ਕਦ ਭੁੱਲਦੇ ਨੇ 

ਕਦ ਸੁੱਕਦੇ ਨੇ ਅੱਥਰੂ ਵਿਯੋਗਾਂ ਦੇ 

ਖਾਬਾਂ ਨੂੰ ਤਿੜਕਾ ਦੇਣ 

ਹਾਉਕਿਆਂ ਨੂੰ ਧੁਖਾ ਦੇਣ ਇਹ ਦੂਰੀਆਂ

ਹਾਉਕੇ ਸੌਣ ਨਾ ਦੇਣ 

ਰੋਣ ਵੀ ਨਾ ਦਿੰਦੇ 

ਵੇਚ ਰਹੇ ਨੇ ਮਿੱਟੀ ਦੇ ਟੋਟੇ 

ਜ਼ਮੀਨ ਦੀਆਂ ਰੀਝਾਂ

ਫਸਲਾਂ ਦੇ ਗੀਤ 

ਪਛਤਾਵੇ ਨੂੰ ਗਲ ਲਾਉਂਣ ਲਈ 

ਹੁਣ ਕੋਈ ਨੇੜੇ ਨਹੀਂ ਬਹਿੰਦਾ ਸਾਹ

ਕਿਹਨੂੰ ਪੁੱਛਾਂ ਕਿੱਥੋਂ ਆਇਆਂ 

ਕਿੱਦਾਂ ਰਿਹਾ ਤੇਰਾ ਦਿਨ ਪੁੱਤ

ਕਦੋਂ ਜਾਣਾ ਕਾਲਜ 

ਕਦੋਂ ਆਵੇੰਗਾ ਵਾਪਸ 

ਚੰਬਾ ਆਪ ਆਪਣੇ ਹੱਥੀਂ ਉਜਾੜਿਆ

ਕਦ ਸਜਦਾ ਹੈ ਮੁੜ ਕੇ 

ਮੀਢੀਆਂ ਕੱਦ ਬਣਦੀਆਂ ਨ਼ੇ 

ਬਿਨ ਗੁੰਦਣ ਤੋਂ -ਪੋਟਿਆਂ ਦੀ ਛੁਹ 

ਜੂੜਾ ਕਰਾਂ ਤਾਂ ਕਿਹਦਾ !

ਨਾ ਵਿਹੜਾ ਗੱਲ ਕਰਦਾ ਹੈ 

ਨਾ ਉਹਦਾ ਬਾਪੂ 

ਜਨਮ ਉਹਦਾ ਕੱਲੇ ਕਿੱਦਾਂ ਮਨਾਈਏ 

ਯਾਦਾਂ ਕਦ ਲੋਅ ਆਉਂਦੀ ਹੈ  ਮੋਮਬੱਤੀਆਂ ਨਾਲ 

ਕਦ ਰੰਗ ਭਰਦੇ ਨੇ ਝੰਡੀਆਂ ਚ 

ਚਾਹ ਦੇ ਘੁੱਟਾਂ ਵੀ 

ਮਿੱਠਤ ਨਹੀਂ ਰਹੀ

ਸੁਪਨੇ ਜੇ ਆਉਂਦੇ ਹਨ 

ਤਾਂ ਕੁੱਝ ਬੋਲਦੇ ਨਹੀਂ 

ਗੱਲ ਵੀ ਨਹੀਂ ਕਰਦੇ ਬਾਹਾਂ ਘੁੱਟੇ

ਪੁੱਤ ਪਰਦੇਸ ਆਪ ਟੋਰਿਆ

ਆਪਣੇ ਹੱਥੀਂ ਉਹਦੇ ਕੱਪੜੇ ਖਰੀਦੇ 

ਹੁਣ ਉਹਦੀਆਂ ਰਹਿ ਗਈਆਂ 

ਕਿੱਲੀਆਂ ਤੇ ਕਮੀਜ਼ਾਂ 

ਹਿੱਕ ਨਾਲ ਲਾ ਯਾਦ ਕਰ ਲੈਨੀ ਆਂ

ਬਾਪ ਤਾਂ ਉਹਦਾ 

ਘੁੱਟ ਲਾ ਕੇ ਸਾਰ ਲੈਂਦਾ ਹੈ 

ਹੰਝੂ ਵੀ ਨਹੀਂ ਵਿਖਾਉਂਦਾ ਵਿਯੋਗੇ 

ਦੂਰ ਗਿਆਂ ਲਾਡਲਿਆਂ ਦੇ 

ਹੰਝੂ ਵੀ ਕਿਹੜੇ ਸੁੱਕਦੇ ਨੇ 

ਰਾਤਾਂ ਵੀ ਨਿਮਾਣੀਆਂ ਕਦ ਸਾਉਂਦੀਆਂ ਨੇ  

ਬਹੁਤ ਖੁਸ਼ੀ ਸੀ ਜਾਣ ਦੀ ਉਹਨੂੰ  ਤਸੱਲੀਆਂ ਬਥੇਰੀਆਂ 

ਟੰਗ ਗਿਆ ਦੀਵਾਰ 'ਤੇ 

ਧਰਵਾਸ ਰੱਖ ਗਿਆ ਸਰਾਹਣਿਆਂ ਹੇਠ

📝 ਸੋਧ ਲਈ ਭੇਜੋ