ਬਿਨਾਂ ਜੁਰਮ ਮੈਂ ਪੁੱਜਾ ਜੀਕਣ

ਬਿਨਾਂ ਜੁਰਮ ਮੈਂ ਪੁੱਜਾ ਜੀਕਣ , ਫਾਂਸੀ ਦੇ ਤਖਤੇ ਤੀਕਰ 

ਮੇਰੀ ਗ਼ਜ਼ਲ ਉਵੇਂ ਨਾ ਪਹੁੰਚੇ , ਮਤਲੇ ਤੋਂ ਮਕਤੇ ਤੀਕਰ 

ਉਹ ਜੋ ਖੁਦ ਨੂੰ ਏਸ ਇਮਾਰਤ ਦਾ ਇਕ ਰਾਖਾ ਆਖ ਰਿਹੈ 

ਹੱਥ ਓਸਦਾ ਪੁੱਜ ਗਿਆ ਹੈ , ਗੈਂਤੀ ਦੇ ਦਸਤੇ ਤੀਕਰ 

ਸਿਰ ਦੇ ਭਾਰ ਖਲੋਤੇ ਨੇ ਜੋ , ਉਹਨਾਂ ਦਾ ਵੀ ਦਾਅਵਾ ਹੈ 

ਕਿ ਉਹਨਾਂ ਦੇ ਪੈਰ ਵੀ ਇਕ ਦਿਨ ਅਪੜਣਗੇ ਰਸਤੇ ਤੀਕਰ 

ਉਹ ਜੋ ਧਰਮ ਅਸਥਾਨਾਂ ਅੰਦਰ ਜ਼ਹਿਰ ਘੋਲਦਾ ਫਿਰਦਾ ਹੈ 

ਕਿਧਰੇ ਉਹਦੀ ਨਜ਼ਰ ਨਾ ਪਹੁੰਚੇ ਬਾਲਾਂ ਦੇ ਬਸਤੇ ਤੀਕਰ 

ਸਦੀਆਂ ਤੋਂ ਰਸਤਾ ਦਰਸਾਂਦੇ , ਮੀਲਾਂ ਦੇ ਪੱਥਰ ਸੋਚਣ 

ਕਾਸ਼ ਅਸਾਨੂੰ ਵੀ ਕੋਈ ਲੈ ਕੇ ਜਾਏ ਉਸ ਰਸਤੇ ਤੀਕਰ 

ਇਸ ਤੋਂ ਪਹਿਲਾਂ ਕਿ ਉਹ ਕੋਮਲ ਕੋਠੇ ਕੁੱਲੇ ਢਾਹ ਦੇਵੇ 

ਚਲੋ ਜ਼ੰਜੀਰਾਂ ਲੈ ਕੇ ਚਲੀਏ ਉਸ ਹਾਥੀ ਮਸਤੇ ਤੀਕਰ 

ਉੜਣ ਖਟੋਲੇ ਉੱਤੇ ਸੀ ਜੋ , ਲਾਲ ਕਿਲੇ ਤੇ ਪਹੁੰਚ ਗਈ 

ਪੈਦਲ ਸੀ ਜੋ ਗ਼ਜ਼ਲ ਨਾ ਪਹੁੰਚੀ ਮਤਲੇ ਤੋਂ ਮਕਤੇ ਤੀਕਰ

📝 ਸੋਧ ਲਈ ਭੇਜੋ