ਇਹ ਬਿਰਹਾ ਮੇਰਾ ਜਨਮ ਤੋਂ ਹਾਣੀ,
ਜਿਸ ਦਿਨ ਤੋਂ ਦੁਨੀਆ ਪਹਿਚਾਣੀ,
ਸਾਰੇ ਜੱਗ ਦੀ ਇਹੋ ਕਹਾਣੀ,
ਜੋ ਬੁੱਝ ਗਿਆ, ਉਹੋ ਮਹਾਨ ਨੀ ਮੈਂ ਕਿਉਂ ਰੋਵਾਂ ,
ਬਿਰਹਾ ਕੁੱਲ ਜਹਾਨ ਨੀ ...
ਇਹ ਬਿਰਹਾ ਅਸੀਂ ਲੇਖ ਲਿਖਾਇਆ,
ਜਨਮ ਤੋਂ ਮੇਰੇ ਨਾਲ ਹੀ ਆਇਆ,
ਇਹ ਬਿਰਹਾ ਮੇਰੀ ਮਾਂ ਦਾ ਜਾਇਆ,
ਮੇਰੇ ਅੰਗ ਸੰਗ ਰਹੇ ਹਮੇਸ਼ ਨੀ, ਮੈਨੂੰ ਨਿਰਮਲ ਰਖਦਾ,
ਇਹ ਬਿਰਹਾ ਦਰਵੇਸ਼ ਨੀ ...
ਜਦ ਮੈਂ ਬਾਲ ਵਰੇਸੀ ਹੋਈ,
ਹਰ ਰੁੱਤੇ ਮੇਰੀ ਗੁੱਡੀ ਮੋਈ,
ਸਭ ਨੂੰ ਫੂਕ ਫੂਕ ਕੇ ਰੋਈ,
ਮੈਨੂੰ ਬਿਰਹੋਂ ਦਿੱਤਾ ਪਿਆਰ ਨੀ,
ਇਹ ਬਿਰਹਾ ਮੇਰਾ, ਹੈ ਬਚਪਨ ਦਾ ਯਾਰ ਨੀ ...
ਬਿਰਹਾ ਜਦੋਂ ਜਵਾਨ ਜਾ ਹੋਇਆ,
ਨਿੱਤ ਦਿਨ ਮੇਰੇ ਗਲ ਲੱਗ ਰੋਇਆ,
ਪੋਹ ਮਾਘ ਮੇਰੇ ਨਾਲ ਹੀ ਸੋਇਆ,
ਲੈ ਹਿਜਰਾਂ ਦੀ ਲੋਈ ਨੀ, ਨੀ ਮੈਂ ਬਿਰਹਾ ਹੋਈ,
ਫਰਕ ਰਿਹਾ ਨਾ ਕੋਈ ਨੀ ...
ਜਦ ਮੈਂ ਤਾਂਘ ਸੱਜਣ ਦੀ ਲਾਈ,
ਮੈਂ, ਮੇਰੀ ਸੌਕਣ ਬਣ ਆਈ,
ਅੱਜ ਤੱਕ ਚਲਦੀ ਪਈ ਲੜਾਈ,
ਹੋਊ ਜਿੱਤ ਪਤਾ ਨਹੀ ਹਾਰ ਨੀ,
ਹੁਣ ਰੱਬ ਬਣ ਚੱਲਿਆ,
ਬਿਰਹਾ ਮੇਰਾ ਪਿਆਰ ਨੀ ....
"ਮੰਡੇਰ" ਇਹ ਬਿਰਹਾ ਰੱਬ ਦਾ ਨਾਂ ਹੈ,
ਸੋਚਾਂ ਦੀ ਇੱਕ ਸੰਘਣੀ ਛਾਂ ਹੈ,
ਪਾਵਨ ਜਿਉ ਪੀਰਾਂ ਦੀ ਥਾਂ ਹੈ,
ਜੇਕਰ ਨਜ਼ਰ ਮਿਹਰ ਦੀ ਹੋ ਜਾਏ,
ਮੈਂ ਹੋ ਜਾਵਾ ਫ਼ੱਕਰ ਨੀ,
ਮੈਂ ਵਾਰੀ ਜਾਵਾਂ,
ਬਿਰਹਾ ਜੀਵਨ ਚੱਕਰ ਨੀ,
ਮੈਂ ਵਾਰੀ ਜਾਵਾਂ, ਬਿਰਹਾ ਜੀਵਨ ਚੱਕਰ ਨੀ ...