ਬਿਰਖ ਤੋਂ ਉੱਡ ਗਏ ਪਰਿੰਦੇ ਦੂਰ ਨੂੰ

ਬਿਰਖ ਤੋਂ ਉੱਡ ਗਏ ਪਰਿੰਦੇ ਦੂਰ ਨੂੰ

ਮੈਂ ਦਿਲਾਸਾ ਕੀ ਦਿਆਂ ਮਜ਼ਬੂਰ ਨੂੰ

ਦਿਲ ਮੇਰਾ ਤੇਰੇ ਤੇ ਆਸ਼ਕ ਹੋ ਗਿਆ,

ਆਖਦੈ ਸ਼ੀਸ਼ਾ ਖਲੋਤੀ ਹੂਰ ਨੂੰ

ਆਪਣੇ ਬਾਰੇ ਪਵੇ ਨਾ ਦੱਸਣਾ,

ਨਾਮ ਮੇਰਾ ਕੀ, ਕਦੇ ਵੀ ਨੂਰ ਨੂੰ ‌।

ਕੌਣ ਕੀ ਕੀ ਆਖਦੈ ਤੂੰ ਛੱਡ ਪਰ੍ਹਾਂ, 

ਮੈਂ ਕਹਾਂ ਰਹਿਮਤ ਹੀ ਤੇਰੀ ਘੂਰ ਨੂੰ

ਪੁੱਠੀਆਂ ਖੱਲਾਂ ਲੁਹਾ ਕੇ ਮਾਣਿਆ, 

ਆਸ਼ਕਾਂ ਨੇ ਇਸ਼ਕ ਦੇ ਦਸਤੂਰ ਨੂੰ

ਤੂੰ ਗ਼ਜ਼ਲ ਤੂੰ ਗੀਤ ਸ਼ਾਇਰੀ ਸਭ ਤੁਹੀਂ

ਜਾ ਕਹੋ ਮਹਿਰਮ ਮੇਰੇ ਮਗ਼ਰੂਰ ਨੂੰ

ਕਾਸ਼ ਔੜਾਂ ਮਾਰਿਆਂ ਤੇ ਰੀਝਦੀ,

ਫਰਕ ਨਾ ਪੈਣਾ ਸੀ ਪੈਂਦੀ ਭੂਰ ਨੂੰ

ਕੁਝ ਕੁ ਜ਼ਖਮਾਂ ਨੂੰ ਮੈਂ ਅੱਲ੍ਹੇ ਰੱਖਣਾ,

ਖੁਰਚ ਲੈਂਦਾ ਹਾਂ ਤਦੇ ਅੰਗੂਰ ਨੂੰ

ਰੂਪ ਦਾ ਕੀ ਅਰਥ ਹੁੰਦਾ ਹੈ ਅਮਨ ?

ਚੁੰਮਣਾ ਅੱਖਾਂ ਨਾ' ਕੋਹੇਨੂਰ ਨੂੰ

📝 ਸੋਧ ਲਈ ਭੇਜੋ