ਕਿਹੜੇ ਬਿਰਛ ਨੂੰ ਅਪਣਾ ਆਖ ਬੁਲਾਵਾਂ
ਕਿਹੜੀ ਕਿਹੜੀ ਛਾਂ ਮੇਰੀ ਮਾਂ ਵਰਗੀ
ਕਿਹੜਾ ਕਿਹੜਾ ਡਾਹਣਾ
ਵਾਂਗ ਭਰਾਵਾਂ
ਸੋਹਣੇ ਸੋਹਣੇ ਰੁੱਖ ਤਾਂ ਇਸ਼ਕ ਲਈ ਨੇ
ਸਣ-ਖ਼ੁਸ਼ਬੋਈ ਸਣ-ਪਤ੍ਰਾਂ ਸਣ-ਛਾਵਾਂ
ਚਾਕੂ ਵਾਲੇ ਆਸ਼ਕ ਲਿਖ ਦਿੱਤਾ ਏ
ਡਾਲ ਡਾਲ ਤੇ ਅਪਣਾ
ਨਾਂ ਸਿਰਨਾਵਾਂ
ਕੁਝ ਰੁੱਖਾਂ ਤੇ ਰੱਸੇ ਲਟਕ ਰਹੇ ਨੇ
ਰੱਸਿਆਂ ਵਿਚ ਲਟਕਣ ਅਣਵਰੀਆਂ ਮਾਵਾਂ
ਇਹਨਾਂ ਤੀਕਣ ਬੋਲ ਨ ਮੇਰਾ ਪਹੁੰਚੇ
ਨੀਵੀਂ ਨਜ਼ਰੇ ਵੇਖਾਂ
ਤੇ ਲੰਘ ਜਾਵਾਂ
ਕੁਝ ਰੁੱਖਾਂ ਦੇ ਹੇਠਾਂ ਬਿਸੀਅਰ ਕਾਲੇ
ਇਹਨਾਂ ਨੂੰ ਮੈਂ ਸੰਕਟ ਸਮੇਂ ਧਿਆਵਾਂ
ਮੈਥੋਂ ਕਦੇ ਨ ਸਰਿਆ ਇਹਨਾਂ ਤਾਈਂ
ਸੁੱਚਾ ਕੱਚਾ ਗੋਕਾ
ਦੁੱਧ ਪਿਆਵਾਂ
ਬਾਬੇ ਬੋਹੜਾਂ ਹੇਠ ਪੰਚੈਤਾਂ ਜੁੜੀਆ
ਜਿਸਦਾ ਜਦ ਜੀ ਚਾਹੇ ਕੱਟਣ ਨਾਵਾਂ
ਇਹਨਾਂ ਲਾਗੇ ਜੋ ਪਹੁੰਚੇ ਸੋ ਦਾਗੀ
ਦੂਰੋਂ ਦੂਰੋਂ
ਸਤ ਸਲਾਮ ਬੁਲਾਵਾਂ
ਕੁਝ ਰੁੱਖਾਂ ਦੇ ਹੇਠਾਂ ਖੁਰਕਾਂ ਖਾਧੇ
ਕੁੱਤੇ ਮਾਨਣ ਕਾਣੀਆਂ ਕਾਣੀਆਂ ਛਾਵਾਂ
ਸਿਰ ਉਪਰ ਵਿਰਲੀ ਗੋਹਲਾਂ ਦੀ ਛਤਰੀ
ਉਹ ਵੀ ਛਾਂਗ ਸੁੱਟੀ ਏ
ਕਾਲਿਆਂ ਕਾਵਾਂ
ਖੁਰਕਾਂ ਖਾਧੇ ਕੁੱਤੇ ਕਿਉਂ ਸ਼ਸ਼ਕਾਰਾਂ
ਕਾਹਨੂੰ ਭੁੱਖੇ ਭਾਣੇ ਕਾਗ ਉਡਾਵਾਂ
ਮੇਰੀ ਖ਼ਾਤਰ ਥੋੜ੍ਹੀ ਧੁੱਪ ਪਈ ਏ
ਐਸ ਜਨਮ ਨਹੀਂ ਮੁਕਣੀ
ਰੱਜ ਹੰਢਾਵਾਂ
ਕੌਣ ਬਿਰਛ ਨੂੰ ਅਪਣਾ ਆਖ ਬੁਲਾਵਾਂ
ਕਿਹੜੀ ਕਿਹੜੀ ਛਾਂ ਮੇਰੀ ਮਾਂ ਵਰਗੀ
ਕਿਹੜਾ ਕਿਹੜਾ ਡਾਹਣਾ
ਵਾਂਗ ਭਰਾਵਾਂ