ਬੋਲ ਸੱਜਨ ਤੇਰੇ ਮਿਠੜੇ

ਬੋਲ ਸੱਜਨ ਤੇਰੇ ਖ਼ੁਸ਼ਬੋਈਆਂ

ਫੁੱਲ ਪੱਤੀਆਂ ਨੇ ਗੱਲਾਂ ਛੋਹੀਆਂ

ਸਾਹ ਸਾਡੇ ਦਾ ਸੁਆਦ ਸੰਵਰਿਆ

ਸਵਾਦ ਬਦਲ ਗਏ ਕੌੜੇ ਰਿਠੜੇ

ਬੋਲ ਸੱਜਨ ਤੇਰੇ ਮਿਠੜੇ ਮਿਠੜੇ

ਤੈਂਡੀਆਂ ਜੀ ਸਜਨਾਂ ਗਲ-ਕੱਥੀਆਂ

ਝੀਲ ਕੰਢੇ ਜਿਉਂ ਫਜਰਾਂ ਲੱਥੀਆਂ

ਤੁਸੀਂ ਤਾਂ ਤੁਰ ਗਏ ਰੰਗ ਕੇ ਪਾਣੀ

ਇਕ ਵਾਰੀ ਵਿਛੜੇ ਫੇਰ ਨਾ ਡਿਠੜੇ

ਬੋਲ ਸੱਜਨ ਤੇਰੇ ਮਿਠੜੇ ਮਿਠੜੇ

ਬੋਲ ਤੇਰੇ ਦੇ ਅਸੀਂ ਵਿਜੋਗੀ

ਬਿੜਕਾਂ ਲੈ ਲੈ ਉਮਰਾ ਭੋਗੀ

ਗੀਤ ਦੀਆਂ ਲਿਸ਼ਕੋਰਾਂ ਫੜਦੇ

ਕਦੀ ਨਾ ਬੈਠੇ ਹੋ ਕੇ ਨਿਠੜੇ

ਬੋਲ ਸੱਜਨ ਤੇਰੇ ਮਿਠੜੇ ਮਿਠੜੇ

ਇਹ ਜੋ ਸਜਨ ਤੇਰੀ ਬਿਰ੍ਹੋਂ ਨਿਸ਼ਾਨੀ

ਅਜ ਨਿਬੜੀ ਕੁਝ ਕਲ ਨਿਭ ਜਾਣੀ

ਜੋ ਮਨ ਨੂੰ ਦਿਤੜੇ ਧਰਵਾਸੇ

ਉਹ ਨਾ ਕਿਸੇ ਬਿਧ ਜਾਣ ਨਿਜਿੱਠੜੇ

ਬੋਲ ਸੱਜਨ ਤੇਰੇ ਮਿਠੜੇ ਮਿਠੜੇ

📝 ਸੋਧ ਲਈ ਭੇਜੋ