ਬੋਲਦੀ ਅੱਗ

ਦੀਵੇ ਮੇਰੇ ਦੀ ਅੱਗ ਬੋਲਣ ਲਗ ਪਈ 

ਮਾਏ ਇਹਨੂੰ ਕੁਝ ਸਮਝਾ

ਉਡ ਕੇ ਦੁਆਖੇ ਵਿਚੋਂ ਗਲੀ ਵਲ ਨੱਸਦੀ ਏ 

ਮਾਏ ਇਹਨੂੰ ਫੜ ਕੇ ਬਿਠਾ 

ਨਿਤ ਨਿਤ ਕੈਂਚੀਆਂ ਲੈ ਜੀਭ ਇਹਦੀ ਟੁਕ ਹਾਰੀ 

ਨਿਤ ਨਵੀਂ ਲੈਂਦੀ ਉਗਾ

ਆਖਦੀ ਨੰਗੀ ਨੰਗੀ ਪਰ੍ਹੇ ਵਿਚ ਨੱਚਣਾ ਏਂ 

ਇਕੋ ਇਕ ਏਹੋ ਮੇਰਾ ਚਾਅ

ਇਕੋ ਕੂਕ ਨਾਲ ਸਾਰੇ ਪਿੰਡ ਨੂੰ ਉਠਾਲਣਾ ਏਂ 

ਲੰਘ ਜਾਣਾ ਬਣ ਕੇ ਸ਼ੁਦਾ

ਇਕ ਇਕ ਢੇਲਾ ਅੱਗ ਵਿਹੜੇ ਵਿਹੜੇ ਸੁਟਣੀ ਏਂ 

ਸੁੱਤੇ ਸੁੱਤੇ ਜਿੱਥੇ ਦਰਿਆ

ਖੂਹਾਂ ਵਿਚ ਬੱਝੇ ਬੱਝੇ ਪਾਣੀਆਂ ਨੂੰ ਖੋਲ੍ਹਣਾ ਏਂ 

ਅੱਗ ਵਿਚ ਸੁਟਣੇ ਨੁਹਾ

ਦੀਵੇ ਮੇਰੇ ਦੀ ਅੱਗ ਬੋਲਣ ਲਗ ਪਈ 

ਮਾਏ ਇਹਨੂੰ ਕੁਝ ਸਮਝਾ

ਉਡ ਕੇ ਦੁਆਖੇ ਵਿਚੋਂ ਗਲੀ ਵਲ ਨੱਸਦੀ ਏ 

ਮਾਏ ਇਹਨੂੰ ਫੜ ਕੇ ਬਿਠਾ

📝 ਸੋਧ ਲਈ ਭੇਜੋ